ਜਲੰਧਰ ‘ਚ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 125 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹਾਲ ਹੀ ਵਿੱਚ 14 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਰਿਹਾਅ ਹੋਇਆ ਸੀ, ਪਰ ਬਾਹਰ ਆਉਂਦੇ ਹੀ ਮੁੜ ਨਸ਼ਾ ਤਸਕਰੀ ਦੇ ਧੰਦੇ ਵਿੱਚ ਸਰਗਰਮ ਹੋ ਗਿਆ। ਪੁਲਿਸ ਨੇ ਉਸ ਨੂੰ ਨਕੋਦਰ-ਮਲਸੀਆਂ ਰੋਡ ਤੋਂ ਕਾਬੂ ਕੀਤਾ ਹੈ ਅਤੇ ਹੁਣ ਪੁਲਿਸ ਰਿਮਾਂਡ ‘ਤੇ ਲੈ ਕੇ ਉਸ ਦੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾਵੇਗੀ। ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਸ. ਹਰਵਿੰਦਰ ਸਿੰਘ ਵਿਰਕ ਨੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਫ਼ਲਤਾ ਐੱਸਪੀ (ਜਾਂਚ) ਵਿਨੀਤ ਅਹਲਾਵਤ ਅਤੇ ਡੀਐੱਸਪੀ (ਜਾਂਚ) ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀ ਟੀਮ ਨੇ ਹਾਸਲ ਕੀਤੀ।
ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਮਿਲੀ ਕਾਮਯਾਬੀ: 28 ਜੁਲਾਈ ਨੂੰ ਪੁਲਿਸ ਨਕੋਦਰ-ਮਲਸੀਆਂ ਰੋਡ ‘ਤੇ ਸਥਿਤ ਸੰਧੂ ਢਾਬੇ ਨੇੜੇ ਗਸ਼ਤ ਕਰ ਰਹੀ ਸੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਹੋਣ ‘ਤੇ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਕੁਝ ਹੀ ਦੂਰੀ ‘ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 125 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਮੁਲਜ਼ਮ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ।

ਮੁਲਜ਼ਮ ਦੀ ਪਛਾਣ: ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਉਰਫ਼ ਪਾਲਾ (45) ਵਾਸੀ ਆਦਰਸ਼ ਨਗਰ, ਧਰਮਕੋਟ (ਮੋਗਾ) ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਨਕੋਦਰ ਵਿੱਚ ਐਨਡੀਪੀਐੱਸ ਐਕਟ ਦੀ ਧਾਰਾ 21(ਬੀ), 61 ਅਤੇ 85 ਤਹਿਤ ਐੱਫਆਈਆਰ ਨੰਬਰ 130 ਦਰਜ ਕੀਤੀ ਗਈ ਹੈ।
ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਰਿਹਾਅ: ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਹਿਲਾਂ ਟਰੱਕ ਡਰਾਈਵਰ ਸੀ ਅਤੇ ਖੁਦ ਵੀ ਨਸ਼ੇ ਦਾ ਆਦੀ ਹੈ। ਸਾਲ 2010 ਵਿੱਚ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਉਸ ਕੋਲੋਂ 300 ਕਿਲੋ ਪੋਸਤ ਭੁੱਕੀ ਬਰਾਮਦ ਹੋਈ ਸੀ, ਜਿਸ ਮਾਮਲੇ ਵਿੱਚ ਉਸ ਨੂੰ ਸਜ਼ਾ ਹੋਈ ਸੀ। ਕਰੀਬ 14 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਲਗਭਗ ਇੱਕ ਮਹੀਨਾ ਪਹਿਲਾਂ ਹੀ ਰਿਹਾਅ ਹੋਇਆ ਸੀ।
ਮੋਗਾ ਵਿੱਚ ਵੀ ਦਰਜ ਹੈ ਨਸ਼ਾ ਤਸਕਰੀ ਦਾ ਕੇਸ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਸ ਨੇ ਮੁੜ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਤਰਨਤਾਰਨ ਤੋਂ ਹੈਰੋਇਨ ਖਰੀਦ ਕੇ ਨਕੋਦਰ ਅਤੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਮੋਗਾ ਵਿੱਚ ਵੀ ਉਸ ਖ਼ਿਲਾਫ਼ ਪਹਿਲਾਂ ਤੋਂ ਨਸ਼ਾ ਤਸਕਰੀ ਦਾ ਇੱਕ ਹੋਰ ਮਾਮਲਾ ਦਰਜ ਹੈ।
ਪੁਲਿਸ ਰਿਮਾਂਡ ਦੌਰਾਨ ਹੋਵੇਗੀ ਨੈੱਟਵਰਕ ਦੀ ਜਾਂਚ: ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਉਸ ਤੋਂ ਹੈਰੋਇਨ ਸਪਲਾਈ ਕਰਨ ਵਾਲੇ ਨੈੱਟਵਰਕ, ਸਪਲਾਇਰਾਂ ਅਤੇ ਖਰੀਦਦਾਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਉਸ ਦੀ ਸੰਪਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।