ਚੰਡੀਗੜ੍ਹ ‘ਚ ਭਿਆਨਕ ਹਾਦਸਾ, ਤੇਜ਼ ਰਫ਼ਤਾਰ BMW ਨੇ ਬੁਲੇਟ ਨੂੰ ਮਾਰੀ ਟੱਕਰ!

ਚੰਡੀਗੜ੍ਹ ‘ਚ ਭਿਆਨਕ ਹਾਦਸਾ, ਤੇਜ਼ ਰਫ਼ਤਾਰ BMW ਨੇ ਬੁਲੇਟ ਨੂੰ ਮਾਰੀ ਟੱਕਰ!

 

ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼-2 ਵਿੱਚ ਸੋਮਵਾਰ ਸਵੇਰੇ ਤੇਜ਼ ਰਫ਼ਤਾਰ ਬੀਐੱਮਡਬਲਿਊ (BMW) ਕਾਰ ਦੀ ਟੱਕਰ ਨਾਲ ਬੁਲੇਟ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜ਼ਖ਼ਮੀ ਨੌਜਵਾਨ ਨੂੰ ਕਾਰ ਚਾਲਕ ਆਪ ਹੀ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲੈ ਕੇ ਪਹੁੰਚਿਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਦੀ ਪਛਾਣ ਰਾਮਦਰਬਾਰ ਦੇ ਰਹਿਣ ਵਾਲੇ ਪ੍ਰਥਮ (27) ਵਜੋਂ ਹੋਈ ਹੈ। ਥਾਣਾ-31 ਦੀ ਪੁਲਿਸ ਅਨੁਸਾਰ ਹਾਦਸਾ ਸਵੇਰੇ ਲਗਭਗ 6:40 ਵਜੇ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਕਾਲੀਬਾੜੀ ਮੰਦਿਰ ਨੇੜੇ ਵਾਪਰਿਆ। ਪ੍ਰਥਮ ਆਪਣੀ ਬੁਲੇਟ ‘ਤੇ ਸਵਾਰ ਹੋ ਕੇ ਕਸਰਤ (ਐਕਸਰਸਾਈਜ਼) ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਬੀਐੱਮਡਬਲਿਊ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਚਾਲਕ ਮੌਕੇ ਤੋਂ ਨਹੀਂ ਭੱਜਿਆ
ਟੱਕਰ ਐਨੀ ਜ਼ਬਰਦਸਤ ਸੀ ਕਿ ਪ੍ਰਥਮ ਸੜਕ ‘ਤੇ ਡਿੱਗ ਕੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਬੀਐੱਮਡਬਲਿਊ ਚਾਲਕ ਮੌਕੇ ਤੋਂ ਫ਼ਰਾਰ ਨਹੀਂ ਹੋਇਆ। ਉਸ ਨੇ ਆਪਣੀ ਕਾਰ ਉੱਥੇ ਹੀ ਰੋਕੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਪ੍ਰਥਮ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ। ਹਾਲਾਂਕਿ, ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਪ੍ਰਥਮ ਰਾਮਦਰਬਾਰ ਦਾ ਰਹਿਣ ਵਾਲਾ ਸੀ ਅਤੇ ਉਹ ਰੋਜ਼ ਸਵੇਰੇ ਕਸਰਤ ਕਰਨ ਜਾਂਦਾ ਸੀ। ਸੋਮਵਾਰ ਨੂੰ ਵੀ ਉਹ ਐਕਸਰਸਾਈਜ਼ ਕਰਕੇ ਵਾਪਸ ਘਰ ਪਰਤ ਰਿਹਾ ਸੀ। ਕਾਲੀਬਾੜੀ ਮੰਦਿਰ ਨੇੜੇ ਪਹੁੰਚਦਿਆਂ ਹੀ ਇਹ ਹਾਦਸਾ ਵਾਪਰ ਗਿਆ।

ਪੁਲਿਸ ਨੇ ਕੀਤੀ FIR ਦਰਜ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ-31 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬੀਐੱਮਡਬਲਿਊ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਹਾਦਸੇ ‘ਚ ਮੌਤ ਹੋਣ ਦਾ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਵੀ ਖੰਘਾਲ ਰਹੀ ਹੈ।

Exit mobile version