ਅੰਮ੍ਰਿਤਸਰ ‘ਚ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 2 ਤਸਕਰ ਗ੍ਰਿਫ਼ਤਾਰ
ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਬੋਰ ਦੀਆਂ 6 ਪਿਸਤੌਲਾਂ ਅਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੀ ਪਛਾਣ ਪਿੰਡ ਭਕਨਾ ਦੇ ਰਹਿਣ ਵਾਲੇ ਕੈਪਟਨਪ੍ਰੀਤ ਸਿੰਘ ਉਰਫ਼ ਸੰਧੂ (ਪੁੱਤਰ ਹਰਪਾਲ ਸਿੰਘ) ਅਤੇ ਅਰਸ਼ਦੀਪ ਸਿੰਘ (ਪੁੱਤਰ ਬਗੀਚਾ ਸਿੰਘ) ਵਜੋਂ ਹੋਈ ਹੈ।ਪੁਲਿਸ ਅਨੁਸਾਰ ਦੋਵਾਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ 16 ਅਗਸਤ 2026 ਨੂੰ ਮੁਕੱਦਮਾ ਨੰਬਰ 360, ਅਸਲਾ ਐਕਟ (Arms Act) ਦੀਆਂ ਧਾਰਾਵਾਂ 25(8), 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਖਬਰ ਦੀ ਸੂਚਨਾ ‘ਤੇ ਪੁਲਿਸ ਦੀ ਕਾਰਵਾਈ
ਏ.ਐੱਸ.ਆਈ. ਜਗਤਾਰ ਸਿੰਘ ਸੀ.ਆਈ.ਏ. (CIA) ਸਟਾਫ਼ ਦੀ ਪੁਲਿਸ ਟੀਮ ਨਾਲ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਜੀ.ਟੀ. ਰੋਡ, ਅਟਾਰੀ ਨੇੜੇ ਰਾਜ ਪੈਲੇਸ ਕੋਲ ਗਸ਼ਤ ‘ਤੇ ਸਨ। ਇਸੇ ਦੌਰਾਨ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਕੈਪਟਨਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਪਾਕਿਸਤਾਨ ਤੋਂ ਹਥਿਆਰ ਤੇ ਅਸਲਾ ਲਿਆ ਕੇ ਇਲਾਕੇ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ। ਮੁਖਬਰ ਨੇ ਦੱਸਿਆ ਕਿ ਦੋਵੇਂ ਆਰੋਪੀ ਕਾਲੇ ਰੰਗ ਦੇ ਹੀਰੋ ਹੋਂਡਾ ਸਪਲੈਂਡਰ ਮੋਟਰਸਾਈਕਲ ‘ਤੇ ਪਿੰਡ ਰਾਮਪੁਰਾ ਤੋਂ ਅੰਮ੍ਰਿਤਸਰ ਵੱਲ ਆ ਰਹੇ ਹਨ ਅਤੇ ਰਸਤੇ ਵਿੱਚ ਕਿਸੇ ਵਿਅਕਤੀ ਨੂੰ ਹਥਿਆਰਾਂ ਦੀ ਖੇਪ ਸੌਂਪਣ ਵਾਲੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।

ਹਥਿਆਰਾਂ ਸਮੇਤ ਮੋਟਰਸਾਈਕਲ ਵੀ ਜ਼ਬਤ
ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 30 ਬੋਰ ਦੀਆਂ 6 ਪਿਸਤੌਲਾਂ ਅਤੇ 10 ਮੈਗਜ਼ੀਨਾਂ ਤੋਂ ਇਲਾਵਾ ਕਾਲੇ ਰੰਗ ਦਾ ਹੀਰੋ ਹੋਂਡਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਬਰਾਮਦਗੀ ਤੋਂ ਬਾਅਦ ਪੁਲਿਸ ਨੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਥਿਆਰਾਂ ਦੇ ਨੈੱਟਵਰਕ ਦੀ ਜਾਂਚ ‘ਚ ਜੁਟੀ ਪੁਲਿਸ
ਹੁਣ ਪੁਲਿਸ ਇਸ ਗੱਲ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਅੱਗੇ ਕਿਨ੍ਹਾਂ ਲੋਕਾਂ ਤੱਕ ਪਹੁੰਚਾਏ ਜਾਣੇ ਸਨ। ਪਾਕਿਸਤਾਨ ਤੋਂ ਹਥਿਆਰ ਲਿਆਉਣ ਅਤੇ ਉਨ੍ਹਾਂ ਦੀ ਸਪਲਾਈ ਕਰਨ ਦੀ ਗੱਲ ਫ਼ਿਲਹਾਲ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸਾਹਮਣੇ ਆਈ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।










