ਪੰਜਾਬ ‘ਚ ਮੌਸਮ ਦਾ ਹਾਲ ਅਤੇ ਹਾਦਸਾ
ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਅੱਜ (11 ਜੁਲਾਈ) ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਿਮਾਚਲ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਗੁਰਦਾਸਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।ਦੂਜੇ ਪਾਸੇ, ਚੰਡੀਗੜ੍ਹ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਭਾਖਰਪੁਰ ਨੇੜੇ ਘੱਗਰ ਨਦੀ ਵਿੱਚ ਮੱਛੀਆਂ ਫੜਨ ਗਏ ਮਨੀਮਾਜਰਾ ਦੇ ਤਿੰਨ ਦੋਸਤ ਤੇਜ਼ ਵਹਾਅ ਵਿੱਚ ਫਸ ਗਏ। ਇਨ੍ਹਾਂ ਵਿੱਚੋਂ ਦੋ ਜਣੇ ਰੁੜ੍ਹ ਗਏ, ਜਦੋਂ ਕਿ ਤੀਜਾ ਕਿਸੇ ਤਰ੍ਹਾਂ ਝਾੜੀਆਂ ਨੂੰ ਫੜ ਕੇ ਬਚ ਗਿਆ।ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਪਰ ਇਹ ਅਜੇ ਵੀ ਆਮ ਦੇ ਆਸ-ਪਾਸ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸ਼ਾਮ 5:30 ਵਜੇ ਤੱਕ ਚੰਡੀਗੜ੍ਹ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਸਭ ਤੋਂ ਵੱਧ 25.5 ਮਿਲੀਮੀਟਰ ਮੀਂਹ ਫਾਜ਼ਿਲਕਾ ਵਿੱਚ ਹੋਇਆ। ਇਸ ਤੋਂ ਇਲਾਵਾ ਬਠਿੰਡਾ ਵਿੱਚ 3.0 ਮਿਲੀਮੀਟਰ ਅਤੇ ਚੰਡੀਗੜ੍ਹ ਸ਼ਹਿਰ ਵਿੱਚ 1.7 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।

1 ਨੂੰ ਬਚਾਉਣ ਦੇ ਚੱਕਰ ਵਿੱਚ 3 ਡੁੱਬੇ
ਘੱਗਰ ਨਦੀ ਵਿੱਚ ਰੁੜ੍ਹਨ ਵਾਲਿਆਂ ਦੀ ਪਛਾਣ ਮਨੀਮਾਜਰਾ ਦੇ ਰਹਿਣ ਵਾਲੇ ਸੁਰਿੰਦਰ ਅਤੇ ਦਰਸ਼ਨ ਵਜੋਂ ਹੋਈ ਹੈ, ਜਦੋਂ ਕਿ ਬਚਣ ਵਾਲੇ ਦਾ ਨਾਮ ਚੰਦਾ ਹੈ। ਤਿੰਨੋਂ ਸ਼ਨੀਵਾਰ ਸਵੇਰੇ ਕਰੀਬ 8 ਵਜੇ ਆਟੋ ਰਾਹੀਂ ਨਦੀ ਕਿਨਾਰੇ ਪਹੁੰਚੇ ਸਨ ਅਤੇ ਪਾਣੀ ਵਿੱਚ ਜਾਲ ਪਾ ਕੇ ਮੱਛੀਆਂ ਫੜ ਰਹੇ ਸਨ ਇਸੇ ਦੌਰਾਨ ਪਹਿਲਾਂ ਦਰਸ਼ਨ ਦਾ ਪੈਰ ਫਿਸਲ ਗਿਆ ਅਤੇ ਉਹ ਰੁੜ੍ਹਨ ਲੱਗਾ। ਉਸ ਨੂੰ ਬਚਾਉਣ ਲਈ ਸੁਰਿੰਦਰ ਵੀ ਪਾਣੀ ਵਿੱਚ ਉਤਰਿਆ, ਪਰ ਤੇਜ਼ ਵਹਾਅ ਕਾਰਨ ਉਹ ਵੀ ਰੁੜ੍ਹ ਗਿਆ। ਤੀਜੇ ਸਾਥੀ ਚੰਦਾ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕਿਆ ਅਤੇ ਖ਼ੁਦ ਝਾੜੀਆਂ ਦਾ ਸਹਾਰਾ ਲੈ ਕੇ ਬਾਹਰ ਨਿਕਲਿਆ।ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੁਬਾਰਿਕਪੁਰ ਪੁਲਿਸ ਚੌਕੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਤੱਕ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਿਆ ਸੀ।
ਮੀਂਹ ਕਾਰਨ ਬਿਜਲੀ ਦੀ ਮੰਗ ਘਟੀ
ਸੂਬੇ ਵਿੱਚ ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ 13,981 ਮੈਗਾਵਾਟ ਰਹੀ, ਜਦੋਂ ਕਿ ਸੂਬੇ ਨੂੰ 9,858 ਮੈਗਾਵਾਟ ਬਿਜਲੀ ਅਲਾਟ ਕੀਤੀ ਗਈ ਸੀ। ਇਸ ਦੇ ਮੁਕਾਬਲੇ ਪੰਜਾਬ ਨੇ ਕੇਂਦਰ ਤੋਂ 9,643 ਮੈਗਾਵਾਟ ਬਿਜਲੀ ਲਈ, ਯਾਨੀ ਤੈਅ ਅਲਾਟਮੈਂਟ ਨਾਲੋਂ 185 ਮੈਗਾਵਾਟ ਘੱਟ ਬਿਜਲੀ ਦੀ ਖਪਤ ਹੋਈ। ਜਦੋਂ ਕਿ ਖ਼ੁਦ 4,420 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।
12 ਜੁਲਾਈ ਤੋਂ ਬਾਅਦ ਮੀਂਹ ਘਟੇਗਾ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਮੁਤਾਬਕ 11 ਅਤੇ 12 ਜੁਲਾਈ ਨੂੰ ਕੁਝ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਫਿਰ ਘਟ ਜਾਣਗੀਆਂ ਅਤੇ ਸਿਰਫ਼ ਕੁਝ ਖ਼ਾਸ ਥਾਵਾਂ ‘ਤੇ ਹੀ ਹਲਕਾ ਮੀਂਹ ਪੈ ਸਕਦਾ ਹੈ। ਉੱਥੇ ਹੀ 10 ਤੋਂ 13 ਜੁਲਾਈ ਦਰਮਿਆਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਮਾਨਸੂਨ ਕਮਜ਼ੋਰ ਪੈਣ ਨਾਲ ਹੁੰਮਸ ਵਧੇਗੀ
ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਮੀਂਹ ਦਾ ਦੌਰ ਹੁਣ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਘੱਟ ਦਬਾਅ ਵਾਲਾ ਖੇਤਰ ਕਮਜ਼ੋਰ ਹੋਣ ਅਤੇ ਮਾਨਸੂਨ ਟਰਫ਼ (Monsoon Trough) ਹਿਮਾਲਿਆ ਦੇ ਤਲਹਟੀ (ਨਿਵਾਣ) ਵੱਲ ਖਿਸਕਣ ਕਾਰਨ 11 ਜੁਲਾਈ ਤੋਂ ਸੂਬੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਘਟ ਜਾਣਗੀਆਂ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਕੁਝ ਥਾਵਾਂ ‘ਤੇ ਹਲਕਾ ਮੀਂਹ ਜਾਂ ਬੂੰਦਾਬਾਂਦੀ ਹੋ ਸਕਦੀ ਹੈ, ਪਰ ਵੱਡੇ ਪੱਧਰ ‘ਤੇ ਜਾਂ ਭਾਰੀ ਮੀਂਹ ਦੀ ਸੰਭਾਵਨਾ ਫਿਲਹਾਲ ਘੱਟ ਹੈ। ਮੀਂਹ ਵਿੱਚ ਕਮੀ ਆਉਣ ਦੇ ਨਾਲ ਹੀ ਸੂਬੇ ਵਿੱਚ ਤਾਪਮਾਨ ਅਤੇ ਹੁੰਮਸ (Umidity) ਵਧ ਸਕਦੀ ਹੈ।