BREAKING

Punjab

ਪੰਜਾਬ ਕਾਂਗਰਸ ‘ਚ ਮੁੜ ਤੋਂ ਦੇਖਣ ਨੂੰ ਮਿਲੀ ਧੜੇਬੰਦੀ !

ਪੰਜਾਬ ਕਾਂਗਰਸ ‘ਚ ਮੁੜ ਤੋਂ ਦੇਖਣ ਨੂੰ ਮਿਲੀ ਧੜੇਬੰਦੀ !

ਪੰਜਾਬ ਕਾਂਗਰਸ ਦੇ ਆਗੂਆਂ ‘ਚ ਚੱਲ ਰਹੀ ਧੜੇਬੰਦੀ ਹੁਣ ਪਾਰਟੀ ਦੇ ਮੰਚਾਂ ਤੱਕ ਪਹੁੰਚ ਗਈ ਹੈ। ਕੁਝ ਦਿਨ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ‘ਇੱਕ ਪਰਿਵਾਰ ਤੋਂ ਇੱਕ ਟਿਕਟ’ਵਾਲੇ ਬਿਆਨ ‘ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਚ ਤੋਂ ਪਲਟਵਾਰ ਕੀਤਾ।ਰੰਧਾਵਾ ਨੇ ਕਿਹਾ ਕਿ ਜੋ ਕੋਈ ਇਹ ਕਹਿੰਦਾ ਹੈ ਕਿ ਮੈਂ ਦੋ-ਦੋ ਟਿਕਟਾਂ ਨਹੀਂ ਦੇਵਾਂਗਾ, ਜਿਸ ਬੰਦੇ ਵਿੱਚ ਜਿੱਤਣ ਦੀ ਜੁਰੱਅਤ ਹੋਵੇਗੀ, ਉਹ ਦੋ ਨਹੀਂ, 4 ਟਿਕਟਾਂ ਲੈ ਕੇ ਕਾਂਗਰਸ ਨੂੰ ਜਿਤਾ ਕੇ ਲਿਆਵੇਗਾ। ਰੰਧਾਵਾ ਨੇ ਇਹ ਬਿਆਨ ਲੁਧਿਆਣਾ ਦੇ ਈਸੜੂ ਵਿੱਚ ਦਿੱਤਾ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਚਰਚਾ ਹੈ ਕਿ ਜਲਦ ਹੀ ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ 16 ਅਗਸਤ ਨੂੰ ਰਾਹੁਲ ਗਾਂਧੀ ਦਾ ਪੰਜਾਬ ਪ੍ਰੋਗਰਾਮ ਤੈਅ ਹੋ ਜਾਵੇਗਾ, ਕਿਉਂਕਿ ਹੁਣ ਲੋਕ ਸਭਾ ਸੈਸ਼ਨ ਖ਼ਤਮ ਹੋ ਚੁੱਕਾ ਹੈ। ਉੱਥੇ ਹੀ, ਰਾਹੁਲ ਗਾਂਧੀ ਵੀ ਇੱਕ ਪਰਿਵਾਰ ਇੱਕ ਟਿਕਟ ਦੀ ਵਕਾਲਤ ਕਰ ਚੁੱਕੇ ਹਨ।

ਰਾਜਾ ਵੜਿੰਗ ਨੇ ਟਿਕਟ ਵੰਡ ਨੂੰ ਲੈ ਕੇ ਕੀ ਕਿਹਾ ?

ਸਲੀਪਰ ਸੈੱਲ ਨੂੰ ਟਿਕਟ ਨਹੀਂ ਮਿਲੇਗੀ: ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਦੇ 10 ਦਿਨਾਂ ਦੌਰੇ ਦੌਰਾਨ ਰਾਜਾ ਵੜਿੰਗ ਨੇ ਕਈ ਸਭਾਵਾਂ ਵਿੱਚ ਸਲੀਪਰ ਸੈੱਲ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਅਜਿਹੇ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਜੋ ਦੂਜੀਆਂ ਪਾਰਟੀਆਂ ਦੇ ਸੰਪਰਕ ਵਿੱਚ ਹਨ। ਉਹਨਾਂ ਦਾ ਇਸ਼ਾਰਾ ਚਰਨਜੀਤ ਚੰਨੀ ਗੁੱਟ ਵੱਲ ਸੀ। ਸਲੀਪਰ ਸੈੱਲ ਦੇ ਜ਼ਰੀਏ ਵੜਿੰਗ ਅਤੇ ਬਘੇਲ ਨੇ ਅਸਿੱਧੇ ਤੌਰ ‘ਤੇ ਚੰਨੀ ਗਰੁੱਪ ਨੂੰ ਕਿਹਾ ਕਿ ਉਹਨਾਂ ਦੀ ਟਿਕਟ ਕੱਟੀ ਜਾਵੇਗੀ।

ਘਿਸੇ-ਪਿਟੇ ਚਿਹਰੇ ਗਿਣਤੀ ਵਿੱਚ ਨਹੀਂ: ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਹਨਾਂ ਨੂੰ ਨਵੇਂ ਨੇਤਾ ਪੈਦਾ ਕਰਨ ਦਾ ਟਾਰਗੇਟ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪਾਰਟੀ ਵਿੱਚ ਨਵੇਂ ਲੀਡਰਾਂ ਦੀ ਕਤਾਰ ਹੈ। ਅਜਿਹੇ ਵਿੱਚ 70 ਫ਼ੀਸਦੀ ਟਿਕਟਾਂ ਨਵੇਂ ਚਿਹਰਿਆਂ ਨੂੰ ਮਿਲਣਗੀਆਂ। ਘਿਸੇ-ਪਿਟੇ ਚਿਹਰੇ ਗਿਣਤੀ ਵਿੱਚ ਨਹੀਂ ਹਨ।

ਇੱਕ ਪਰਿਵਾਰ ਨੂੰ ਇੱਕ ਟਿਕਟ: ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹੁਣ ਇੱਕ ਪਰਿਵਾਰ ਇੱਕ ਟਿਕਟ ਦੇ ਫਾਰਮੂਲੇ ‘ਤੇ ਕੰਮ ਕਰੇਗੀ। ਅਜਿਹਾ ਨਹੀਂ ਹੋਵੇਗਾ ਕਿ ਇੱਕ ਸੀਟ ਤੋਂ ਪਿਓ ਚੋਣ ਲੜੇਗਾ ਅਤੇ ਦੂਜੀ ਸੀਟ ਤੋਂ ਪੁੱਤ ਨੂੰ ਟਿਕਟ ਮਿਲੇਗੀ। ਪੁਰਾਣੇ ਨੇਤਾਵਾਂ ਦਾ ਇੱਕ ਘੇਰਾ ਬਣਿਆ ਹੋਇਆ ਹੈ। ਪਾਰਟੀ ਉਸਨੂੰ ਤੋੜੇਗੀ ਅਤੇ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟ ਦੇਵੇਗੀ।

ਦਲਬਦਲੂਆਂ ਤੋਂ ਬਣਾਉਣਗੇ ਦੂਰੀ: ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹਾਈਕਮਾਨ ਦਲਬਦਲੂਆਂ ‘ਤੇ ਭਰੋਸਾ ਨਹੀਂ ਕਰਦੀ। ਜੋ ਅੱਜ ਕਾਂਗਰਸ, ਕੱਲ੍ਹ ਅਕਾਲੀ ਦਲ ਅਤੇ ਪਰਸੋਂ ਫਿਰ ਕਾਂਗਰਸ ਵਿੱਚ ਆਉਂਦੇ ਹਨ, ਅਜਿਹੇ ਨੇਤਾਵਾਂ ਨੂੰ ਪਾਰਟੀ ਟਿਕਟ ਦੇਣ ਤੋਂ ਗੁਰੇਜ਼ ਕਰੇਗੀ।

ਅਨੁਸ਼ਾਸਨਹੀਣਤਾ ‘ਤੇ ਜ਼ੀਰੋ ਟਾਲਰੈਂਸ: ਉਹਨਾਂ ਕਿਹਾ ਕਿ ਚੋਣ ਮੈਦਾਨ ਵਿੱਚ ਉੱਤਰਨ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇਗਾ। ਜੋ ਨੇਤਾ ਧੜੇਬੰਦੀ ਕਰਨਗੇ ਜਾਂ ਪਾਰਟੀ ਦੀਆਂ ਸਮਾਨਾਂਤਰ ਗਤੀਵਿਧੀਆਂ ਚਲਾ ਕੇ ਸੰਗਠਨ ਦਾ ਅਕਸ ਖ਼ਰਾਬ ਕਰਨਗੇ, ਉਹ ਖ਼ੁਦ-ਬ-ਖ਼ੁਦ ਟਿਕਟ ਦੀ ਦੌੜ ਤੋਂ ਬਾਹਰ ਹੋ ਜਾਣਗੇ।

ਜ਼ਮੀਨੀ ਅਤੇ ਵਫ਼ਾਦਾਰ ਵਰਕਰਾਂ ਨੂੰ ਤਰਜੀਹ: ਰਾਜਾ ਵੜਿੰਗ ਨੇ ਕਿਹਾ ਕਿ ਬੂਥ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਅਤੇ ਔਖੇ ਸਮੇਂ ਵਿੱਚ ਕਾਂਗਰਸ ਨਾਲ ਡਟੇ ਰਹਿਣ ਵਾਲੇ ਵਰਕਰਾਂ ਨੂੰ ਹੀ ਪਹਿਲ ਦਿੱਤੀ ਜਾਵੇਗੀ, ਨਾ ਕਿ ਐਨ ਵਕਤ ‘ਤੇ ਅਵਸਰਵਾਦਤਾ (ਮੌਕਾਪ੍ਰਸਤੀ) ਦਿਖਾਉਣ ਵਾਲੇ ਨੇਤਾਵਾਂ ਨੂੰ।

ਇਹ ਵਿਵਾਦ ਮੁੱਖ ਤੌਰ ‘ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਦੀ ਉਪ-ਚੋਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਖ਼ਾਲੀ ਹੋਈ ਸੀ ਅਤੇ ਉਹ ਇੱਥੋਂ ਆਪਣੀ ਪਤਨੀ ਜਾਂ ਪੁੱਤਰ ਲਈ ਟਿਕਟ ਚਾਹੁੰਦੇ ਸਨ। ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਸੀ, ਪਰ ਉਹ ਸੀਟ ਨਹੀਂ ਬਚਾ ਸਕੀ ਸਨ। ਰਾਜਾ ਵੜਿੰਗ ਦੇ ‘ਇੱਕ ਪਰਿਵਾਰ ਤੋਂ ਇੱਕ ਟਿਕਟ’ ਵਾਲੇ ਬਿਆਨ ਨਾਲ ਰੰਧਾਵਾ ਪਰਿਵਾਰ ਦਾ ਇਸ ਸੀਟ ‘ਤੇ ਦਾਅਵਾ ਕਮਜ਼ੋਰ ਹੁੰਦਾ ਹੈ, ਜਦਕਿ ਰੰਧਾਵਾ ਪਰਿਵਾਰ ਡੇਰਾ ਬਾਬਾ ਨਾਨਕ ਸੀਟ ‘ਤੇ ਆਪਣਾ ਦਾਅਵਾ ਰੱਖਦਾ ਹੈ।ਰਾਜਸਥਾਨ ਦੇ ਉਦੈਪੁਰ ਵਿੱਚ ਆਯੋਜਿਤ ਕਾਂਗਰਸ ਦੇ ‘ਨਵ ਸੰਕਲਪ ਚਿੰਤਨ ਸ਼ਿਵਿਰ’ (ਮਈ 2022) ਦੇ ਸਮਾਪਨੀ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ “ਇੱਕ ਪਰਿਵਾਰ, ਇੱਕ ਟਿਕਟ” ਦੇ ਨਿਯਮ ਨੂੰ ਪਾਰਟੀ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਸੀ। ਰਾਹੁਲ ਗਾਂਧੀ ਨੇ ਆਪਣੇ ਸਮਾਪਨੀ ਭਾਸ਼ਣ ਵਿੱਚ ਪਾਰਟੀ ਆਗੂਆਂ ਸਾਹਮਣੇ ਜ਼ੋਰ ਦੇ ਕੇ ਕਿਹਾ ਸੀ, “ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਾਂਗਰਸ ਪਾਰਟੀ ਵਿੱਚ ਇੱਕ ਪਰਿਵਾਰ ਤੋਂ ਸਿਰਫ਼ ਇੱਕ ਹੀ ਵਿਅਕਤੀ ਨੂੰ ਚੋਣ ਦੀ ਟਿਕਟ ਮਿਲੇ। ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਮੁੱਖ ਉਦੇਸ਼ ਨਵੇਂ ਅਤੇ ਨੌਜਵਾਨ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਹੈ।”

ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਨੇ ਇਹ ਕਦਮ ਭਾਜਪਾ ਵੱਲੋਂ ਲਗਾਏ ਜਾਣ ਵਾਲੇ ਪਰਿਵਾਰਵਾਦ ਦੇ ਦੋਸ਼ਾਂ ਦੀ ਧਾਰ ਨੂੰ ਘੱਟ ਕਰਨ ਅਤੇ ਪਾਰਟੀ ਵਿੱਚ ਅੰਦਰੂਨੀ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚੁੱਕਿਆ ਸੀ।ਇਸ ਤੋਂ ਪਹਿਲਾਂ ਰਾਹੁਲ ਗਾਂਧੀ ਮਨਰੇਗਾ ਦੇ ਮੁੱਦੇ ‘ਤੇ ਪੰਜਾਬ ਵਿੱਚ ਰੈਲੀ ਕਰ ਚੁੱਕੇ ਹਨ। 28 ਫ਼ਰਵਰੀ ਨੂੰ ਬਰਨਾਲਾ ਰੈਲੀ ਵਿੱਚ ਰਾਹੁਲ ਨੇ ਨੇਤਾਵਾਂ ਨੂੰ ਕਿਹਾ ਸੀ ਕਿ ਕੋਈ ਇੱਕ ਖਿਡਾਰੀ ਇਕੱਲਾ ਮੈਚ ਨਹੀਂ ਜਿਤਾ ਸਕਦਾ। ਉਸੇ ਤਰ੍ਹਾਂ ਰਾਜਨੀਤੀ ਵਿੱਚ ਵੀ ਚੋਣ ਜਿੱਤਣ ਲਈ ਪੂਰੀ ਟੀਮ ਨੂੰ ਮਿਲ ਕੇ ਕੰਮ ਕਰਨਾ ਪਵੇਗਾ।ਉਨ੍ਹਾਂ ਨੇ ਨੇਤਾਵਾਂ ਨੂੰ ਸਾਫ਼ ਚੇਤਾਵਨੀ ਦਿੱਤੀ ਸੀ ਕਿ “ਟੀਮ ਪਲੇਅਰ ਬਣ ਕੇ ਕੰਮ ਕਰੋ, ਨਹੀਂ ਤਾਂ ਰਿਜ਼ਰਵ ਬੈਂਚ ‘ਤੇ ਬਿਠਾ ਦਿਆਂਗੇ।” ਯਾਨੀ ਜੋ ਨੇਤਾ ਪਾਰਟੀ ਨਾਲ ਮਿਲ ਕੇ ਕੰਮ ਨਹੀਂ ਕਰੇਗਾ, ਉਸ ਨੂੰ ਅੱਗੇ ਦੀ ਰਾਜਨੀਤੀ ਵਿੱਚ ਖੁੱਡੇ ਲਾਇਆ (ਲਾਂਭੇ ਕੀਤਾ) ਜਾ ਸਕਦਾ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds