ਅੰਮ੍ਰਿਤਸਰ ਹਵਾਈ ਅੱਡੇ ‘ਤੇ 1 ਕਰੋੜ ਰੁਪਏ ਦੇ ਸੋਨੇ ਸਮੇਤ ਇੱਕ ਔਰਤ ਸਣੇ 3 ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੇ ਪੇਸਟ ਅਤੇ ਕੜੇ-ਚੇਨ ਵਿੱਚ ਲੁਕਾ ਕੇ ਸੋਨਾ ਲਿਆ ਰਹੇ ਸਨ। ਕਸਟਮ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀਆਂ ਟੀਮਾਂ ਨੇ ਇਹ ਕਾਰਵਾਈ ਕੀਤੀ। ਕਸਟਮ ਅਧਿਕਾਰੀ ਮੁਤਾਬਕ ਬਰਾਮਦ ਕੀਤਾ ਗਿਆ ਸੋਨਾ ਜ਼ਬਤ ਕਰ ਲਿਆ ਗਿਆ ਹੈ। ਸੋਨੇ ਸਮੇਤ ਫੜੇ ਗਏ ਯਾਤਰੀਆਂ ਖ਼ਿਲਾਫ਼ ਕਸਟਮ ਐਕਟ, 1962 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਭਾਗ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਇਨ੍ਹਾਂ ਮਾਮਲਿਆਂ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਸੋਨਾ ਤਸਕਰੀ ਗਿਰੋਹ ਸਰਗਰਮ ਤਾਂ ਨਹੀਂ।
1. ਡੀ.ਆਰ.ਆਈ. ਅੰਮ੍ਰਿਤਸਰ ਅਤੇ ਕਸਟਮ ਅਧਿਕਾਰੀਆਂ ਦੀ ਟੀਮ ਨੇ ਸ਼ਾਰਜਾਹ ਤੋਂ ਫਲਾਈਟ ਨੰਬਰ 6E1428 ਰਾਹੀਂ ਪਹੁੰਚੇ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਯਾਤਰੀ ਦੀ ਜਾਂਚ, ਐਕਸ-ਰੇ ਸਕੈਨਿੰਗ ਅਤੇ ਨਿੱਜੀ ਤਲਾਸ਼ੀ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਪੇਸਟ ਵਿੱਚੋਂ ਸੋਨਾ ਕੱਢਣ ਤੋਂ ਬਾਅਦ ਇਸ ਦਾ ਵਜ਼ਨ 150.04 ਗ੍ਰਾਮ ਪਾਇਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 22 ਲੱਖ 5 ਹਜ਼ਾਰ 588 ਰੁਪਏ ਅੰਕੀ ਗਈ। ਇਹ ਸੋਨਾ ਜੁੱਤਿਆਂ ਦੇ ਅੰਦਰ ਲੁਕਾ ਕੇ ਲਿਆਂਦਾ ਜਾ ਰਿਹਾ ਸੀ।
2. ਕਸਟਮ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਫਲਾਈਟ ਨੰਬਰ IX-138 ਰਾਹੀਂ ਪਹੁੰਚੀ ਇੱਕ ਮਹਿਲਾ ਯਾਤਰੀ ਨੂੰ ਜਾਂਚ ਲਈ ਰੋਕਿਆ। ਜਾਂਚ ਅਤੇ ਐਕਸ-ਰੇ ਸਕੈਨਿੰਗ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਜਾਂਚ ਤੋਂ ਬਾਅਦ ਇਸ ਦਾ ਵਜ਼ਨ 90.21 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 13 ਲੱਖ 26 ਹਜ਼ਾਰ 87 ਰੁਪਏ ਦੱਸੀ ਗਈ।
3.ਕਸਟਮ ਅਧਿਕਾਰੀਆਂ ਮੁਤਾਬਕ ਮੈਲਬਰਨ ਤੋਂ ਕੁਆਲਾਲੰਪੁਰ ਹੁੰਦੇ ਹੋਏ ਫਲਾਈਟ ਨੰਬਰ MH-118 ਰਾਹੀਂ ਅੰਮ੍ਰਿਤਸਰ ਪਹੁੰਚੇ ਇੱਕ ਪੁਰਸ਼ ਯਾਤਰੀ ਨੂੰ ਰੋਕਿਆ ਗਿਆ। ਜਾਂਚ ਦੌਰਾਨ ਉਸ ਕੋਲੋਂ 24 ਕੈਰਟ ਸੋਨੇ ਦੇ 2 ਕੜੇ ਅਤੇ ਇੱਕ ਚੇਨ ਬਰਾਮਦ ਹੋਈ। ਬਰਾਮਦ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 484 ਗ੍ਰਾਮ ਅਤੇ ਕੀਮਤ 70 ਲੱਖ 66 ਹਜ਼ਾਰ 400 ਰੁਪਏ ਦੱਸੀ ਗਈ ਹੈ। ਇਹ ਮਾਮਲਾ ਬੀਤੀ ਦੇਰ ਰਾਤ ਦਾ ਹੈ।
ਸ਼ਾਰਜਾਹ ਅਤੇ ਦੁਬਈ ਦੁਨੀਆ ਦੇ ਸਭ ਤੋਂ ਵੱਡੇ ਸੋਨਾ ਵਪਾਰ ਕੇਂਦਰਾਂ ਵਿੱਚੋਂ ਹਨ, ਜਿੱਥੇ ਭਾਰਤ ਦੇ ਮੁਕਾਬਲੇ ਸੋਨਾ ਸਸਤਾ ਮਿਲਦਾ ਹੈ। ਭਾਰਤ ਵਿੱਚ ਆਯਾਤ ਸ਼ੁਲਕ, ਜੀ.ਐੱਸ.ਟੀ. ਅਤੇ ਹੋਰ ਟੈਕਸ ਲੱਗਣ ਕਾਰਨ ਸੋਨੇ ਦੀ ਕੀਮਤ ਵੱਧ ਜਾਂਦੀ ਹੈ। ਇਸੇ ਕੀਮਤੀ ਫ਼ਰਕ ਦਾ ਫਾਇਦਾ ਚੁੱਕਣ ਲਈ ਤਸਕਰ ਯਾਤਰੀਆਂ (ਕੈਰੀਅਰਾਂ) ਰਾਹੀਂ ਸੋਨਾ ਪੰਜਾਬ ਤੱਕ ਪਹੁੰਚਾਉਂਦੇ ਹਨ। ਪੰਜਾਬ ਵਿੱਚ ਇਹ ਸੋਨਾ ਸਰਾਫ਼ਾ ਬਾਜ਼ਾਰ, ਗੈਰ-ਕਾਨੂੰਨੀ ਨੈੱਟਵਰਕਾਂ ਅਤੇ ਹਵਾਲਾ ਚੈਨਲਾਂ ਰਾਹੀਂ ਖਪਾਇਆ ਜਾਂਦਾ ਹੈ, ਜਿਸ ਨਾਲ ਤਸਕਰਾਂ ਨੂੰ ਪ੍ਰਤੀ ਕਿਲੋ ਲੱਖਾਂ ਰੁਪਏ ਦਾ ਮੁਨਾਫ਼ਾ ਹੋ ਸਕਦਾ ਹੈ।










