ਅੰਮ੍ਰਿਤਸਰ ‘ਚ ਬਿਨਾਂ HSRP ਨੰਬਰ ਪਲੇਟ ਨਹੀਂ ਮਿਲੇਗਾ ਤੇਲ, CP ਦੇ ਸਖ਼ਤ ਹੁਕਮ!
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ, ਹਿੱਟ ਐਂਡ ਰਨ ਹਾਦਸਿਆਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ (IPS) ਨੇ ਵੱਡਾ ਫ਼ੈਸਲਾ ਲਿਆ ਹੈ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਦੇ ਕਿਸੇ ਵੀ ਪੈਟਰੋਲ, ਡੀਜ਼ਲ ਜਾਂ ਸੀ.ਐੱਨ.ਜੀ. ਸਟੇਸ਼ਨ ‘ਤੇ ਅਜਿਹੇ ਵਾਹਨਾਂ ਨੂੰ ਈਂਧਨ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ‘ਤੇ ਵੈਧ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਨਾ ਲੱਗੀ ਹੋਵੇ ਜਾਂ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਢੱਕੀਆਂ, ਟੁੱਟੀਆਂ, ਮੋੜੀਆਂ ਜਾਂ ਬਦਲੀਆਂ ਹੋਈਆਂ ਹੋਣ। ਇਸ ਤੋਂ ਇਲਾਵਾ ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਬੋਤਲ ਜਾਂ ਕੰਟੇਨਰ ਵਿੱਚ ਤੇਲ ਦੇਣ ‘ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ, ਜਦੋਂ ਕਿ ਨਵੇਂ ਰਜਿਸਟਰਡ ਵਾਹਨਾਂ, ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਇਸ ਤੋਂ ਛੋਟ ਰਹੇਗੀ।

ਇਨ੍ਹਾਂ ਹੁਕਮਾਂ ਦੀ ਸੁਚਾਰੂ ਪਾਲਣਾ ਲਈ ਸਾਰੇ ਫਿਊਲ ਸਟੇਸ਼ਨਾਂ ਦੇ ਮਾਲਕਾਂ ਨੂੰ ਪ੍ਰਵੇਸ਼ ਦੁਆਰ ‘ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਘੱਟੋ-ਘੱਟ 3×3 ਫੁੱਟ ਦੇ ਸੂਚਨਾ ਬੋਰਡ ਲਗਾਉਣ ਅਤੇ CCTV/ANPR ਕੈਮਰੇ ਹਰ ਸਮੇਂ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਦੀ 30 ਦਿਨਾਂ ਦੀ ਵੀਡੀਓ ਫੁਟੇਜ ਸੁਰੱਖਿਅਤ ਰੱਖਣੀ ਲਾਜ਼ਮੀ ਹੋਵੇਗੀ। ਈਂਧਨ ਨਾ ਮਿਲਣ ‘ਤੇ ਜੇਕਰ ਕੋਈ ਚਾਲਕ ਹੰਗਾਮਾ ਜਾਂ ਵਿਵਾਦ ਖੜ੍ਹਾ ਕਰਦਾ ਹੈ, ਤਾਂ ਪੰਪ ਆਪਰੇਟਰ ਤੁਰੰਤ 112 ‘ਤੇ ਕਾਲ ਕਰਕੇ ਪੁਲਿਸ ਦੀ ਮਦਦ ਲੈ ਸਕਦੇ ਹਨ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਜਾਂ ਪੈਟਰੋਲ ਪੰਪ ਮਾਲਕਾਂ/ਕਰਮਚਾਰੀਆਂ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।










