ਗੁਰੂਗ੍ਰਾਮ ਵਿੱਚ ਲਾਲ ਥਾਰ ਨੇ ਨੌਕਰਾਨੀ ਨੂੰ ਕੁਚਲਿਆ
ਗੁਰੂਗ੍ਰਾਮ ਦੇ ਸੈਕਟਰ-67 ਸਥਿਤ ਅੰਸਲ ਵਰਸਾਲੀਆ ਸੁਸਾਇਟੀ ਵਿੱਚ ਘਰ ਦੀ ਪਾਰਕਿੰਗ ਵਿੱਚ ਸੁੱਤੀ ਪਈ ਇੱਕ ਘਰੇਲੂ ਨੌਕਰਾਨੀ ਨੂੰ ਇੱਕ ਥਾਰ ਗੱਡੀ ਨੇ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਥਾਰ ਚਲਾ ਰਹੀ ਮਹਿਲਾ ਗੱਡੀ ਤੋਂ ਹੇਠਾਂ ਉਤਰੀ ਅਤੇ ਜ਼ਖਮੀ ਮਹਿਲਾ ਨੂੰ ਦੂਜੀ ਗੱਡੀ ਰਾਹੀਂ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਹ ਮਹਿਲਾ ਦੀ ਲਾਸ਼ ਨੂੰ ਵਾਪਸ ਸੁਸਾਇਟੀ ਲੈ ਆਈ ਅਤੇ ਉਸੇ ਥਾਂ ‘ਤੇ ਰੱਖ ਦਿੱਤਾ ਜਿੱਥੇ ਉਸ ਨੇ ਥਾਰ ਨਾਲ ਨੌਕਰਾਨੀ ਨੂੰ ਕੁਚਲਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-65 ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਮੁਲਜ਼ਮ ਥਾਰ ਡਰਾਈਵਰ ਮਹਿਲਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਮਹੋਬਾ ਦੀ ਰਹਿਣ ਵਾਲੀ 57 ਸਾਲਾ ਗੁੱਡੀ ਵਜੋਂ ਹੋਈ ਹੈ।

ਕੰਮ ਤੋਂ ਬਾਅਦ ਪਾਰਕਿੰਗ ਵਿੱਚ ਸੌਂ ਗਈ ਸੀ ਮਹਿਲਾ
ਗੁੱਡੀ ਮਕਾਨ ਨੰਬਰ 4011 ਵਿੱਚ ਕੰਮ ਕਰਨ ਤੋਂ ਬਾਅਦ ਗਰਾਊਂਡ ਫਲੋਰ ‘ਤੇ ਬਣੀ ਕਾਰ ਪਾਰਕਿੰਗ ਵਿੱਚ ਸੌਂ ਰਹੀ ਸੀ। ਇਸ ਦੌਰਾਨ ਇਸੇ ਬਿਲਡਿੰਗ ਵਿੱਚ ਰਹਿਣ ਵਾਲੀ ਇੱਕ ਮਹਿਲਾ ਆਪਣੀ ਥਾਰ ਗੱਡੀ ਬੈਕ (ਪਿੱਛੇ) ਕਰ ਰਹੀ ਸੀ, ਜਿਸ ਤੋਂ ਬਾਅਦ ਪਾਰਕਿੰਗ ਵਿੱਚ ਸੁੱਤੀ ਪਈ ਮਹਿਲਾ ਦੇ ਉੱਪਰੋਂ ਉਸ ਦੀ ਥਾਰ ਗੱਡੀ ਲੰਘ ਗਈ।
ਲਾਸ਼ ਨੂੰ ਵਾਪਸ ਪਾਰਕਿੰਗ ਵਿੱਚ ਰੱਖਿਆ
ਮ੍ਰਿਤਕਾ ਦੇ ਭਤੀਜੇ ਨੇ ਦੱਸਿਆ ਕਿ ਮਹਿਲਾ ਨੇ ਲਾਸ਼ ਨੂੰ ਵਾਪਸ ਲਿਆ ਕੇ ਪਾਰਕਿੰਗ ਵਿੱਚ ਰੱਖ ਦਿੱਤਾ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਮਕਾਨ ਦੇ ਬਾਹਰ ਇਕੱਠੇ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ
ਪੁਲਿਸ ਦਾ ਕਹਿਣਾ ਹੈ ਕਿ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।