ਪੇਪਰ ਲੀਕ ‘ਤੇ PM ਮੋਦੀ ਦਾ ਵੱਡਾ ਬਿਆਨ ਦੋਸ਼ੀਆਂ ਨੂੰ ਮਿਲੇਗੀ ਸਜ਼ਾ, ਜੰਤਰ-ਮੰਤਰ ‘ਤੇ ਮੁੜ ਪ੍ਰਦਰਸ਼ਨ ਸ਼ੁਰੂ!
ਕੌਕਰੋਚ ਜਨਤਾ ਪਾਰਟੀ (CJP) ਦਾ ਜੰਤਰ-ਮੰਤਰ ‘ਤੇ ਧਰਨਾ ਪ੍ਰਦਰਸ਼ਨ ਮੁੜ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ ਐੱਨ.ਡੀ.ਏ. (NDA) ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ‘ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ।ਇਹ ਜਾਣਕਾਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਭਾਰਤ-ਅਮਰੀਕਾ ਟ੍ਰੇਡ ਡੀਲ (ਵਪਾਰਕ ਸਮਝੌਤੇ) ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।
ਦੂਜੇ ਪਾਸੇ, ਅਭਿਜੀਤ ਦੀਪਕੇ ਨੇ ਕਿਹਾ ਕਿ ਸੋਮਵਾਰ ਨੂੰ ਸੰਸਦ ਮਾਰਚ ਦੌਰਾਨ ਪੁਲਿਸ ਨੇ ਬਰਬਰਤਾ ਕੀਤੀ। ਸੋਨਮ ਵਾਂਗਚੁਕ ਨੇ ਪੁਲਿਸ ਦੀ ਕਾਰਵਾਈ ਦੇਖਣ ਤੋਂ ਬਾਅਦ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਦੀਪਕੇ ਨੇ ਕਿਹਾ, ‘ਅਸੀਂ ਅੱਜ ਸੰਸਦ ਮਾਰਚ ਇਸ ਲਈ ਨਹੀਂ ਕੱਢ ਰਹੇ, ਕਿਉਂਕਿ ਇਸ ਸਰਕਾਰ ਅਤੇ ਪੁਲਿਸ ਨੇ ਵਿਦਿਆਰਥੀਆਂ ਦਾ ਖੂਨ ਵਹਾਇਆ ਹੈ। ਇਨ੍ਹਾਂ ਨੂੰ ਵਿਦਿਆਰਥੀਆਂ ਦੀ ਕੋਈ ਪਰਵਾਹ ਨਹੀਂ ਹੈ, ਪਰ ਸਾਨੂੰ ਹੈ। CJP ਦੇ ਪ੍ਰਦਰਸ਼ਨ ‘ਤੇ ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਨੇ ਕਿਹਾ, ‘ਸੋਮਵਾਰ ਨੂੰ ਸਰਕਾਰ ਦਾ ਬਹੁਤ ਹੀ ਕਰੂਰ ਰਵੱਈਆ ਦੇਖਣ ਨੂੰ ਮਿਲਿਆ। ਦੇਸ਼ ਭਰ ਤੋਂ ਵਿਦਿਆਰਥੀ ਸਿਰਫ਼ NEET ਅਤੇ CBSE ਪ੍ਰੀਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਆਏ ਸਨ।’ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅੱਜ ਫਿਰ ਸੰਸਦ ਵਿੱਚ ਇਹ ਮੁੱਦਾ ਚੁੱਕਾਂਗੇ। ਅਸੀਂ ਪਹਿਲਾਂ ਹੀ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਮੁਲਤਵੀ ਪ੍ਰਸਤਾਵ ਦਿੱਤਾ ਹੈ। ਨਾਲ ਹੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਅਤੇ NEET ਵਾਂਗ CBSE ਪ੍ਰੀਖਿਆ ਪੇਪਰ ਲੀਕ ਮਾਮਲੇ ‘ਚ ਸਪੱਸ਼ਟ ਕਾਰਵਾਈ ਦੀ ਮੰਗ ਕੀਤੀ ਹੈ।

ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ, ‘ਇਹ ਸਰਕਾਰ ਪੂਰੀ ਤਰ੍ਹਾਂ ਨੌਜਵਾਨ ਵਿਰੋਧੀ ਹੈ। ਇਹ ਨੌਜਵਾਨਾਂ, ਗਰੀਬਾਂ ਅਤੇ ਕਿਸਾਨਾਂ ਦੇ ਖਿਲਾਫ ਹੈ। ਪਿਛਲੇ 12 ਸਾਲਾਂ ਤੋਂ ਅਸੀਂ ਇਹੀ ਦੇਖ ਰਹੇ ਹਾਂ।’ਉਨ੍ਹਾਂ ਕਿਹਾ, ‘ਜਦੋਂ ਕਿਸਾਨ ਅੰਦੋਲਨ ਕਰਦੇ ਹਨ ਤਾਂ ਉਨ੍ਹਾਂ ਨੂੰ ਦਬਾਇਆ ਜਾਂਦਾ ਹੈ। ਹੁਣ ਵਿਦਿਆਰਥੀਆਂ ਦੀ ਆਵਾਜ਼ ਵੀ ਦਬਾਈ ਜਾ ਰਹੀ ਹੈ। ਉਹ ਬੱਚੇ ਹਨ, ਉਨ੍ਹਾਂ ਦੀ ਗੱਲ ਸ਼ਾਂਤੀਪੂਰਵਕ ਸੁਣਨੀ ਚਾਹੀਦੀ ਹੈ।’ਉਨ੍ਹਾਂ ਅੱਗੇ ਕਿਹਾ, ‘ਇਹ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਇੱਕ ਸਮਾਂ ਸੀ ਜਦੋਂ ਮੰਤਰੀ ਆਪਣੀ ਜ਼ਿੰਮੇਵਾਰੀ ਲੈਂਦੇ ਸਨ। ਮੈਨੂੰ ਯਾਦ ਹੈ ਕਿ 1980 ਦੇ ਦਹਾਕੇ ਵਿੱਚ ਇੱਕ ਟ੍ਰੇਨ ਹਾਦਸੇ ਦੇ ਅਗਲੇ ਹੀ ਦਿਨ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਲਈ ਜ਼ਿੰਮੇਵਾਰੀ ਲਓ, ਅਸਤੀਫ਼ਾ ਦਿਓ ਅਤੇ ਸਭ ਤੋਂ ਜ਼ਰੂਰੀ, ਵਿਵਸਥਾ ਨੂੰ ਠੀਕ ਕਰੋ।’
ਰਾਜ ਸਭਾ ਸੰਸਦ ਮੈਂਬਰ ਕਪਿਲ ਸਿਬਲ ਨੇ ਨੱਡਾ ਦੇ ਬਿਆਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਜਦੋਂ ਬੱਚਿਆਂ ਦੀਆਂ ਮੰਗਾਂ ਸਭ ਨੂੰ ਪਤਾ ਸਨ, ਤਾਂ ਸਰਕਾਰ ਉਨ੍ਹਾਂ ਦੇ ਖਿਲਾਫ ਹੰਝੂ ਗੈਸ ਅਤੇ ਲਾਠੀਚਾਰਜ ਦਾ ਇੰਤਜ਼ਾਰ ਕਿਉਂ ਕਰ ਰਹੀ ਸੀ।ਉਨ੍ਹਾਂ ਕਿਹਾ, ‘ਪ੍ਰਦਰਸ਼ਨ ਦੌਰਾਨ ਭੀੜ 12,000 ਤੋਂ ਵਧ ਕੇ 50,000 ਤੱਕ ਪਹੁੰਚ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬਲ ਪ੍ਰਯੋਗ ਕੀਤਾ।’
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਕਿਹਾ ਸੀ ਕਿ CJP ਵਫ਼ਦ ਨਾਲ ਸੋਮਵਾਰ ਨੂੰ ਹੋਈ ਗੱਲਬਾਤ ‘ਠੀਕ’ ਰਹੀ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ।
ਸੰਸਦ ਮਾਰਚ ਦੌਰਾਨ ਦੰਗਾ ਕਰਨ ਦਾ ਦੋਸ਼, 5 ਲੋਕਾਂ ‘ਤੇ FIR
ਕੌਕਰੋਚ ਜਨਤਾ ਪਾਰਟੀ ਦੇ ਸੰਸਦ ਮਾਰਚ ਦੌਰਾਨ ਦਿੱਲੀ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ 5 FIR ਦਰਜ ਕੀਤੀਆਂ ਹਨ। ਇਹ ਮਾਮਲੇ ਸੰਸਦ ਮਾਰਗ, ਬਾਰਾਖੰਭਾ ਅਤੇ ਕਨਾਟ ਪਲੇਸ ਥਾਣਿਆਂ ਵਿੱਚ ਦਰਜ ਕੀਤੇ ਗਏ ਹਨ। ਇਹ ਮਾਮਲੇ ਦੰਗਾ ਕਰਨ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਕਰਮਚਾਰੀਆਂ ‘ਤੇ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਦਰਜ ਹੋਏ ਹਨ। ਪੁਲਿਸ CCTV ਫੁਟੇਜ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹਿੰਸਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੀ ਹੈ।
ਅਭਿਜੀਤ ਦੀਪਕੇ ਨੇ ਮੰਗਲਵਾਰ ਨੂੰ ਕਿਹਾ ਕਿ ਕੱਲ੍ਹ ਸੋਨਮ ਵਾਂਗਚੁਕ ਆਪਣਾ ਮਰਨ ਵਰਤ ਖਤਮ ਕਰਨ ਵਾਲੇ ਸਨ। ਅਸੀਂ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਨਾਲ ਇਸ ਲਈ ਰਾਜ਼ੀ ਕੀਤਾ ਸੀ। ਕੱਲ੍ਹ ਉਨ੍ਹਾਂ ਦੇ ਮਰਨ ਵਰਤ ਦਾ 23ਵਾਂ ਦਿਨ ਸੀ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਸਰ, ਕਿਰਪਾ ਕਰਕੇ ਮਰਨ ਵਰਤ ਖਤਮ ਕਰ ਦਿਓ। ਅਸੀਂ ਤੁਹਾਡੀ ਜਾਨ ਨੂੰ ਹੁਣ ਹੋਰ ਖਤਰੇ ਵਿੱਚ ਨਹੀਂ ਪਾ ਸਕਦੇ। ਇਸ ਦੇਸ਼ ਲਈ ਤੁਹਾਡਾ ਜੀਵਨ ਬਹੁਤ ਕੀਮਤੀ ਹੈ। ਉਹ ਕਿਸੇ ਤਰ੍ਹਾਂ ਮੰਨ ਗਏ ਸਨ।ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਹੋਈ ਬਰਬਰਤਾ ਅਤੇ ਪੁਲਿਸ ਦੀ ਕਾਰਵਾਈ ਦੇਖਣ ਤੋਂ ਬਾਅਦ ਸੋਨਮ ਸਰ ਨੇ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
PM ਮੋਦੀ ਨੇ ਕਿਹਾ- ਪੇਪਰ ਲੀਕ ਕੇਸ ‘ਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ
ਐੱਨ.ਡੀ.ਆਰ. (NDA) ਸੰਸਦੀ ਦਲ ਦੀ ਬੈਠਕ ‘ਚ ਮੰਗਲਵਾਰ ਨੂੰ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ, ‘ਬੈਠਕ ‘ਚ PM ਮੋਦੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਟ੍ਰੇਡ ਡੀਲ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ।’