ਕੇਂਦਰੀ ਰਾਜ ਮੰਤਰੀ ਬਿੱਟੂ ਨੇ ਦਿੱਤਾ ਅਸਤੀਫ਼ਾ! ਹੁਣ 2027 ‘ਚ ਪੰਜਾਬ ਦੀ ਚੁੱਕਣਗੇ ਆਵਾਜ਼
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਨੂੰ 24 ਜੁਲਾਈ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਬਿੱਟੂ ਨੂੰ ਕੁਝ ਸਮਾਂ ਪਹਿਲਾਂ ਭਾਜਪਾ ਨੇ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਸੀ, ਜਿਸ ਵਜ੍ਹਾ ਕਰਕੇ ਉਹ ਹੁਣ ਸੰਸਦ ਮੈਂਬਰ ਨਹੀਂ ਸਨ।ਉਹ ਕੇਂਦਰ ਸਰਕਾਰ ਵਿੱਚ ਪੰਜਾਬ ਤੋਂ BJP ਦੇ ਇਕਲੌਤੇ ਰਾਜ ਮੰਤਰੀ ਸਨ, ਉਨ੍ਹਾਂ ਨੂੰ ਰੇਲ ਰਾਜ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਵਿਭਾਗ ਦਿੱਤਾ ਗਿਆ ਸੀ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਹੁਣ ਬਿੱਟੂ ਅਗਲੇ ਸਾਲ ਹੋਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਲੜ ਸਕਦੇ ਹਨ।ਰਵਨੀਤ ਬਿੱਟੂ ਨੇ ਲੁਧਿਆਣਾ ਤੋਂ 2024 ਦੀ ਲੋਕ ਸਭਾ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਇਆ। ਇਸ ਤੋਂ ਬਾਅਦ 21 ਜੂਨ ਨੂੰ ਕਾਰਜਕਾਲ ਖ਼ਤਮ ਹੋ ਗਿਆ।ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਜਗ੍ਹਾ ਅੰਮ੍ਰਿਤਸਰ ਤੋਂ ਭਾਜਪਾ ਨੇਤਾ ਤਰੁਣ ਚੁੱਘ ਨੂੰ ਰਾਜ ਸਭਾ ਭੇਜ ਦਿੱਤਾ। ਹਾਲਾਂਕਿ ਨਿਯਮਾਂ ਮੁਤਾਬਕ ਬਿੱਟੂ ਬਿਨਾਂ ਸੰਸਦ ਮੈਂਬਰ ਬਣੇ ਵੀ 6 ਮਹੀਨੇ ਯਾਨੀ 21 ਦਸੰਬਰ ਤੱਕ ਮੰਤਰੀ ਬਣੇ ਰਹਿ ਸਕਦੇ ਸਨ, ਪਰ ਉਨ੍ਹਾਂ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ।

ਬਿੱਟੂ ਬੋਲੇ- ਹੁਣ ਮੇਰਾ ਟਾਈਮ ਪੰਜਾਬ ਲਈ ਹੈ
ਅਸਤੀਫ਼ੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ— ਮੈਂ 2-3 ਮਹੀਨੇ ਪਹਿਲਾਂ ਹੀ ਇਸ ਬਾਰੇ ਬੇਨਤੀ ਕੀਤੀ ਸੀ। ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਏ ਸਨ, ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ। ਪਿਛਲੇ ਸੈਸ਼ਨ ਵਿੱਚ ਵੀ ਮੈਂ ਸ਼ਾਮਲ ਨਹੀਂ ਹੋਇਆ ਸੀ।ਜਿਸ ਦਿਨ ਮੇਰੀ ਰਾਜ ਸਭਾ ਦੀ ਟਰਮ ਖ਼ਤਮ ਹੋਈ, ਮੈਂ ਉਸੇ ਦਿਨ ਅਸਤੀਫ਼ਾ ਦੇ ਦਿੱਤਾ ਸੀ। ਮੈਂ ਕੱਲ੍ਹ ਫਿਰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਹੁਣ ਮੇਰਾ ਟਾਈਮ ਪੰਜਾਬ ਲਈ ਹੈ। ਅੱਜ ਵੀ ਮੈਂ ਕਈ ਜਗ੍ਹਾਵਾਂ ‘ਤੇ ਗਿਆ ਸੀ। ਹੁਣ ਮੇਰੇ ‘ਤੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੈ, ਮੈਂ ਇਸੇ ਕੰਮ ਵਿੱਚ ਲੱਗਿਆ ਹੋਇਆ ਹਾਂ।ਉਨ੍ਹਾਂ ਨੇ X (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਕੇ ਲਿਖਿਆ— ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੈਂ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ।ਭਾਰਤ ਦੇ ਲੋਕਾਂ, ਵਿਸ਼ੇਸ਼ ਤੌਰ ‘ਤੇ ਮੇਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਰਹੀ ਹੈ। ਮੈਂ ਸੇਵਾ, ਰਾਸ਼ਟਰਵਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਤ ਭਾਰਤ ਦੇ ਸੰਕਲਪ ਪ੍ਰਤੀ ਆਪਣੀ ਵਚਨਬੱਧਤਾ ਬਣਾਏ ਰੱਖਾਂਗਾ। ਜਨਸੇਵਾ ਦੀ ਮੇਰੀ ਯਾਤਰਾ ਨਵੇਂ ਸੰਕਲਪ ਅਤੇ ਸਮਰਪਣ ਨਾਲ ਅੱਗੇ ਵੀ ਜਾਰੀ ਰਹੇਗੀ।