
ਮੁਹਾਲੀ- ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਭਾਰਤੀ ਜੈਵਲਿਨ ਥ੍ਰੋਅ ਸੁਪਰਸਟਾਰ ਨੀਰਜ ਚੋਪੜਾ ਨੇ ਇੱਕ ਹੋਰ ਮੁਕਾਮ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈI ਭਾਰਤੀ ਜੈਵਲਿਨ ਥ੍ਰੋਅ ਨੀਰਜ ਚੋਪੜਾ ਨੇ ਇੱਕ ਕਰੀਬੀ ਮੁਕਾਬਲੇ ਵਿੱਚ ਜਰਮਨੀ ਦੇ ਜੂਲੀਅਨ ਵੇਬਰ ਨੂੰ ਹਰਾ ਕੇ ਦੋ ਸਾਲਾਂ ਵਿੱਚ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ ਹੈ। 27 ਸਾਲਾ ਨੀਰਜ ਚੋਪੜਾ ਨੇ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋਏ, ਇਸ ਈਵੈਂਟ ਦੇ ਆਪਣੇ ਪਹਿਲੇ ਦੌਰ ਵਿੱਚ 88.16 ਮੀਟਰ ਦੇ ਥ੍ਰੋਅ ਨਾਲ ਖਿਤਾਬ ਜਿੱਤਿਆ। ਇਸ ਪੈਰਿਸ ਡਾਇਮੰਡ ਲੀਗ 2025 ਵਿੱਚ ਕਈ ਖਿਡਾਰੀ ਨੇ ਆਪਣੀ ਖੇਡ ਦਾ ਜਲਵਾ ਦਿਖਾਇਆ, ਜਿਨ੍ਹਾਂ ਵਿੱਚੋਂ ਸਿਰਫ਼ ਪੰਜ ਖਿਡਾਰੀਆਂ ਨੇ 90 ਮੀਟਰ ਦੀ ਦੂਰੀ ਤੈਅ ਕੀਤੀ।

ਇਸ ਲੀਗ ਵਿੱਚ ਚੋਪੜਾ ਦਾ ਦੂਜਾ ਥ੍ਰੋਅ 85.10 ਮੀਟਰ ਸੀ ਅਤੇ ਫਿਰ ਉਸਨੇ ਆਪਣੀਆਂ ਅਗਲੀਆਂ ਤਿੰਨ ਕੋਸ਼ਿਸ਼ਾਂ ਵਿੱਚ ਫਾਊਲ ਕੀਤਾ। ਉਸਨੇ ਆਪਣੀ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿੱਚ 82.89 ਮੀਟਰ ਦੀ ਦੂਰੀ ਤੈਅ ਕੀਤੀ। ਵੇਬਰ 87.88 ਮੀਟਰ ਦੀ ਆਪਣੀ ਪਹਿਲੀ ਕੋਸ਼ਿਸ਼ ਨਾਲ ਦੂਜੇ ਸਥਾਨ ‘ਤੇ ਰਿਹਾ। ਬ੍ਰਾਜ਼ੀਲ ਦੇ ਲੁਈਸ ਮੌਰੀਸੀਓ ਡਾ ਸਿਲਵਾ 86.62 ਮੀਟਰ ਦੀ ਆਪਣੀ ਤੀਜੀ ਕੋਸ਼ਿਸ਼ ਨਾਲ ਤੀਜੇ ਸਥਾਨ ‘ਤੇ ਰਿਹਾ।
ਆਪਣੀ ਜਿੱਤ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ ਹੈ ਕਿ “ਮੈਂ ਆਪਣੀ ਥ੍ਰੋਅ ਤੋਂ ਖੁਸ਼ ਹਾਂ। ਇਹ ਮੇਰਾ ਪਹਿਲਾ ਥ੍ਰੋਅ ਸੀ ਅਤੇ ਇੱਕ ਚੰਗੀ ਸ਼ੁਰੂਆਤ ਸੀ, ਪਰ ਮੈਂ ਅੱਜ ਸੱਚ-ਮੁੱਚ ਚੰਗੇ ਥ੍ਰੋਅ ਦੀ ਉਮੀਦ ਕਰ ਰਿਹਾ ਸੀI”