- Home
- Punjab
- ਕਪੜਾ ਵਪਾਰੀ ਸੰਜੇ ਵਰਮਾ ਦਾ ਦਿਨ-ਦਿਹਾੜੇ ਕੀਤਾ ਗਿਆ ਕਤਲ, ਸੁਖਬੀਰ ਸਿੰਘ ਬਾਦਲ ਤੇ ਸੁਲੀਨ ਜਾਖੜ ਨੇ ਹਮਲੇ ਨੂੰ ਦੱਸਿਆ ਸ਼ਰਮਨਾਕ
ਮੁਹਾਲੀ : ਅਬੋਹਰ ਵਿੱਚ ਕੁਝ ਅਣਪਛਾਤੇ ਹਮਲਾਵਰਾਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਅਬੋਹਰ ‘ਚ ਸਥਿਤ ਨਿਊ ਵੇਅਰ ਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ 7 ਜੁਲਾਈ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦੇਈਏ ਕਿ ਇਹ ਘਟਨਾ ਸ਼ੋਅਰੂਮ ਦੇ ਬਾਹਰ ਵਾਪਰੀ ਹੈ। ਹਮਲਾਵਰਾਂ ਨੇ ਉਸ ਸਮੇਂ ਕਪੜਾ ਵਪਾਰੀ ਸੰਜੇ ਵਰਮਾ ਨੂੰ ਆਪਣਾ ਨਿਸ਼ਾਨਾਂ ਬਣਾਇਆ ਜਦ ਉਹ ਆਪਣੇ ਸ਼ੋਅ ਰੂਮ ਅੱਗੇ ਕਾਰ ਤੋਂ ਬਾਹਰ ਨਿਕਲ ਰਹੇ ਸਨ। ਜਿਵੇਂ ਹਮਲਾ ਹੋਇਆ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਚਾਰੇ ਪਾਸੇ ਸਨਸਨੀ ਫੈਲ ਗਈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਇਸ ਮੰਦਭਾਗੀ ਘਟਨਾ ਬਾਰੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਸੁਖਬੀਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਬੋਹਰ ਵਿੱਚ ਦ ਨਿਊ ਵੇਅਰ ਵੈੱਲ ਟੇਲਰਜ਼ ਦੇ ਮਾਲਕ ਸੰਜੇ ਵਰਮਾ ਦਾ ਦਿਨ-ਦਿਹਾੜੇ ਹੋਇਆ ਹੈਰਾਨ ਕਰਨ ਵਾਲਾ ਕਤਲ, ਪ੍ਰਚਲਿਤ ਜੰਗਲ ਰਾਜ ਨੂੰ ਦਰਸਾਉਂਦਾ ਹੈ। ਡਾਕਟਰ, ਕਲਾਕਾਰ ਅਤੇ ਖਿਡਾਰੀ ਸਮੇਤ ਕਾਰੋਬਾਰੀ ਅਤੇ ਪੇਸ਼ੇਵਰ ਜਬਰੀ ਵਸੂਲੀ ਕਰਨ ਵਾਲਿਆਂ ਤੋਂ ਗੰਭੀਰ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ। ਮੈਂ ਇਸ ਬੇਰਹਿਮ ਕਤਲ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਵਰਮਾ ਪਰਿਵਾਰ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ। ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।‘

ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਲੀਨ ਜਾਖੜ ਨੇ ਵੀ ਇਸ ਘਟਨਾ ਬਾਬਤ ਟਵੀਟ ਕਰਦੇ ਹੋਏ ਲਿਖਿਆ ਕਿ ‘ਅਬੋਹਰ ਵਿਚ ਪ੍ਰਸਿੱਧ ਵਪਾਰੀ ਸੰਜੈ ਵਰਮਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸਰੀਕ ਹਾਂ। ਪਰ ਇਹ ਘਟਨਾ ਸਬੂਤ ਹੈ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਅਸਲ ਸਥਿਤੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰੇਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਦ ਕਿ ਸਰਕਾਰ ਗਾਇਬ ਹੈ।‘
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ
ਹਮਲੇ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਜਿਵੇਂ ਹੀ ਪੁਲਿਸ ਨੂੰ ਹਮਲੇ ਦੀ ਸੂਚਨਾ ਮਿਲੀ ਤਾਂ ਉਸ ਦੌਰਾਨ ਹੀ ਐਸਐਸਪੀ ਗੁਰਮੀਤ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ।