- Home
- Punjab
- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਰੱਖਿਅਤ ਥਾਵਾਂ ਉੱਤੇ ਲਿਆਉਣ ਦਾ ਪ੍ਰਬੰਧ ਕਰੇ ਭਾਰਤ ਸਰਕਾਰ- SGPC
ਮੁਹਾਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਜੰਗੀ ਤਣਾਅ ‘ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਜੇਕਰ ਇਹ ਤਣਾਅ ਜੰਗ ਵਿੱਚ ਤਬਦੀਲ ਹੋ ਜਾਂਦਾ ਹੈ ਤਾਂ ਇਹ ਨਾ ਸਿਰਫ਼ ਖੇਤਰੀ ਅਮਨ ਲਈ ਘਾਤਕ ਹੋਵੇਗਾ,ਜਦਕਿ ਇਰਾਨ ਵਿੱਚ ਸਥਿਤ ਸਿੱਖ ਧਾਰਮਿਕ ਸਥਾਨਾਂ ਲਈ ਵੀ ਵੱਡਾ ਖਤਰਾ ਹੋ ਸਕਦਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਰਾਨ ਵਿੱਚ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਜਿੱਥੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਥਾਪਤ ਹਨ। ਜੰਗ ਦੌਰਾਨ ਹੋ ਸਕਣ ਵਾਲੀ ਕਿਸੇ ਵੀ ਤਬਾਹੀ ਤੋਂ ਇਨ੍ਹਾਂ ਸਰੂਪਾਂ ਦੀ ਰੱਖਿਆ ਕਰਨੀ ਬਹੁਤ ਜ਼ਰੂਰੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਰਾਨ ਸਰਕਾਰ ਨਾਲ ਸੰਪਰਕ ਕਰਕੇ ਤੁਰੰਤ ਵਿਵਸਥਾ ਕਰਾਈ ਜਾਵੇ ਤਾਂ ਜੋ ਪਾਵਨ ਸਰੂਪਾਂ ਨੂੰ ਜੰਗ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਜਾ ਸਕੇ।
ਪ੍ਰਧਾਨ ਧਾਮੀ ਨੇ ਇਰਾਨ ਦੇ ਸਿੱਖ ਭਾਈਚਾਰੇ ਨੂੰ ਵੀ ਸੰਦੇਸ਼ ਦਿੰਦਿਆਂ ਅਪੀਲ ਕੀਤੀ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ, ਉੱਥੋਂ ਦੀਆਂ ਸੰਗਤਾਂ ਵੱਲੋਂ ਮੈਸਜ ਜਾਂ ਹੋਰ ਸੰਦੇਸ਼ ਰਾਹੀਂ ਤੁਰੰਤ ਸੰਪਰਕ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਜੰਗਾਂ ਕਿਸੇ ਵੀ ਧਰਮ ਜਾਂ ਧਰਮਸਥਾਨ ਨੂੰ ਨਹੀਂ ਬਖ਼ਸ਼ਦੀਆਂ। ਇਸ ਲਈ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਇੱਜ਼ਤ ਅਤੇ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ।