ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਅਨੁਰਾਗ ਧਨਖੜ ਪੁਲਿਸ ਹੈੱਡਕੁਆਰਟਰ ਵਿੱਚ ਮ੍ਰਿਤਕ ਪਾਏ ਗਏ।ਸੂਤਰਾਂ ਅਨੁਸਾਰ ਆਤਮਹੱਤਿਆ (ਖ਼ੁਦਕੁਸ਼ੀ) ਕਰਨ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਖ਼ੈਰ, ਅਜੇ ਪੁਲਿਸ ਵੱਲੋਂ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।ਸ਼ੁਰੂਆਤੀ ਜਾਣਕਾਰੀ ਅਨੁਸਾਰ, ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਦਫ਼ਤਰ ਵਿੱਚੋਂ ਮਿਲੀ। ਜਿਸ ਤੋਂ ਬਾਅਦ ਲਗਾਤਾਰ ਆਤਮਹੱਤਿਆ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਉੱਥੇ ਹੀ ਇਸ ਘਟਨਾ ਨਾਲ ਪੂਰੇ ਪੁਲਿਸ ਮਹਿਕਮੇ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਭਾਜੜ ਮਚ ਗਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਡੀਜੀਪੀ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਖ਼ੈਰ, ਡੀਜੀਪੀ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ।ਦੱਸ ਦੇਈਏ ਕਿ ਡੀਜੀਪੀ ਅਨੁਰਾਗ ਧਨਖੜ ਇੱਕ ਕਾਫ਼ੀ ਜਾਣੀ-ਮਾਣੀ ਸ਼ਖ਼ਸੀਅਤ ਸਨ।

ਅਨੁਰਾਗ ਧਨਖੜ 1994 ਬੈਚ ਦੇ ਤ੍ਰਿਪੁਰਾ ਕੈਡਰ ਦੇ ਆਈ.ਪੀ.ਐੱਸ. (IPS) ਅਧਿਕਾਰੀ ਸਨ। ਉਹਨਾਂ ਨੇ ਆਪਣੇ ਪੁਲਿਸ ਕਰੀਅਰ ਦਾ ਵੱਡਾ ਹਿੱਸਾ ਤ੍ਰਿਪੁਰਾ ਵਿੱਚ ਬਿਤਾਇਆ ਅਤੇ ਰਾਜ ਵਿੱਚ ਲਗਭਗ 16 ਸਾਲਾਂ ਤੱਕ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਦਿੱਤੀਆਂ। ਅਨੁਰਾਗ ਧਨਖੜ ਨੂੰ ਹਾਲ ਹੀ ਵਿੱਚ ਤ੍ਰਿਪੁਰਾ ਦਾ ਪੁਲਿਸ ਮਹਾਨਿਰਦੇਸ਼ਕ (DGP) ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰਾਜ ਵਿੱਚ ਡੀਜੀਪੀ (ਇੰਟੈਲੀਜੈਂਸ) ਦੇ ਅਹੁਦੇ ‘ਤੇ ਤਾਇਨਾਤ ਸਨ। ਉਹਨਾਂ ਨੇ ਅਮਿਤਾਭ ਰੰਜਨ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲੀ ਸੀ।ਅਨੁਰਾਗ ਧਨਖੜ ਨੂੰ ਸਭ ਤੋਂ ਵੱਧ ਪਛਾਣ ਉਦੋਂ ਮਿਲੀ ਜਦੋਂ ਉਹਨਾਂ ਨੇ ਕੇਂਦਰੀ ਜਾਂਚ ਬਿਊਰੋ (CBI) ਵਿੱਚ ਰਹਿੰਦਿਆਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨਾਲ ਜੁੜੇ ਪੰਜਾਬ ਨੈਸ਼ਨਲ ਬੈਂਕ (PNB) ਘੋਟਾਲੇ ਦੀ ਜਾਂਚ ਦੀ ਅਗਵਾਈ ਕੀਤੀ। ਇਹ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲਿਆਂ ਵਿੱਚੋਂ ਇੱਕ ਸੀ। ਧਨਖੜ ਦੀ ਅਗਵਾਈ ਵਿੱਚ ਸੀਬੀਆਈ ਨੇ ਇਸ ਹਾਈ-ਪ੍ਰੋਫ਼ਾਈਲ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਸੀ।
ਸੀਬੀਆਈ ਵਿੱਚ ਆਪਣੇ ਲੰਬੇ ਕਾਰਜਕਾਲ ਦੌਰਾਨ ਅਨੁਰਾਗ ਧਨਖੜ ਨੇ ਪੁਲਿਸ ਸੁਪਰਡੈਂਟ (SP), ਡਿਪਟੀ ਇੰਸਪੈਕਟਰ ਜਨਰਲ (DIG), ਜੁਆਇੰਟ ਡਾਇਰੈਕਟਰ ਅਤੇ ਅਡੀਸ਼ਨਲ ਡਾਇਰੈਕਟਰ ਵਰਗੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ। ਉਹਨਾਂ ਦੀ ਪਛਾਣ ਇੱਕ ਕੁਸ਼ਲ ਅਤੇ ਨਿਸ਼ਪੱਖ ਜਾਂਚ ਅਧਿਕਾਰੀ ਵਜੋਂ ਸੀ।ਸੀਬੀਆਈ ਤੋਂ ਇਲਾਵਾ ਅਨੁਰਾਗ ਧਨਖੜ ਨੇ ਸੀ.ਆਈ.ਐੱਸ.ਐੱਫ. (CISF) ਵਿੱਚ ਇੰਸਪੈਕਟਰ ਜਨਰਲ (ਕਲਾਸ-1/ਪ੍ਰਸੋਨਲ) ਵਜੋਂ ਵੀ ਸੇਵਾਵਾਂ ਦਿੱਤੀਆਂ। ਸਾਲ 2003-04 ਦੌਰਾਨ ਉਹ ਸੰਯੁਕਤ ਰਾਸ਼ਟਰ (UN) ਦੇ ਕੋਸੋਵੋ ਮਿਸ਼ਨ ਦਾ ਵੀ ਹਿੱਸਾ ਰਹੇ।ਇਸ ਤੋਂ ਇਲਾਵਾ 2005 ਤੋਂ 2013 ਅਤੇ 2016 ਤੋਂ 2023 ਤੱਕ ਕੇਂਦਰੀ ਡੈਪੂਟੇਸ਼ਨ ‘ਤੇ ਰਹਿੰਦਿਆਂ ਉਹਨਾਂ ਨੇ ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (BPR&D), CISF ਅਤੇ CBI ਵਿੱਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।ਅਨੁਰਾਗ ਧਨਖੜ ਗ੍ਰਹਿ ਮੰਤਰਾਲੇ ਦੇ ਅਧੀਨ ਗਠਿਤ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਚੇਅਰਮੈਨ ਵੀ ਰਹੇ। ਇਸ ਦੌਰਾਨ ਉਹਨਾਂ ਨੇ ਕਈ ਪੁਰਾਣੇ ਮਾਮਲਿਆਂ ਦੀ ਦੋਬਾਰਾ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਹੁਣ ਅਨੁਰਾਗ ਧਨਖੜ ਦੀ ਮੌਤ/ਆਤਮਹੱਤਿਆ ਕਈ ਸਵਾਲ ਖੜ੍ਹੇ ਕਰਦੀ ਹੈ… ਆਖ਼ਰ ਅਜਿਹੀ ਕੀ ਵਜ੍ਹਾ ਰਹੀ ਕਿ ਡੀਜੀਪੀ ਨੇ ਇਹ ਕਦਮ ਚੁੱਕਿਆ?










