ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ‘ਖਲੀ’ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵੀ ਕੀਤੀ ਅਪੀਲ!
ਸਊਦੀ ਅਰਬ ਵਿੱਚ ਡਰੱਗਜ਼ ਬਰਾਮਦਗੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਪਾਏ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਬਚਾਉਣ ਦੀ ਮੁਹਿੰਮ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਬਲਜਿੰਦਰ ਦੇ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਤੋਂ ਬਾਅਦ ਭਾਰਤੀ ਰੈਸਲਰ ‘ਦ ਗ੍ਰੇਟ ਖਲੀ’, ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਮਾਮਲੇ ਵਿੱਚ ਆਪਣੇ-ਆਪਣੇ ਪੱਧਰ ‘ਤੇ ਆਵਾਜ਼ ਉਠਾਈ ਹੈ। ਇਸ ਨਾਲ ਬਲਜਿੰਦਰ ਦੇ ਪਰਿਵਾਰ ਨੂੰ ਸਰਕਾਰ ਅਤੇ ਸਮਾਜ ਤੋਂ ਮਦਦ ਮਿਲਣ ਦੀ ਉਮੀਦ ਬੱਝੀ ਹੈ।
‘ਦ ਗ੍ਰੇਟ ਖਲੀ’ ਨੇ ਬਲਜਿੰਦਰ ਸਿੰਘ ਦੇ ਮਾਮਲੇ ਨੂੰ ਲੈ ਕੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮਾਨਵਤਾ ਦੇ ਆਧਾਰ ‘ਤੇ ਸਹਿਯੋਗ ਦੀ ਲੋੜ ਦੱਸੀ ਅਤੇ ਲੋਕਾਂ ਨੂੰ ਬਲਜਿੰਦਰ ਨੂੰ ਬਚਾਉਣ ਦੇ ਯਤਨਾਂ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਖਲੀ ਦੀ ਇਹ ਅਪੀਲ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਇੱਕ ਵਾਰ ਫਿਰ ਲੋਕਾਂ ਦਾ ਧਿਆਨ ਖਿੱਚਿਆ ਹੈ।

ਖਲੀ ਬੋਲੇ- ਪਾਕਿਸਤਾਨੀ ਨੇ ਇਮੋਸ਼ਨਲ ਕਰਕੇ ਫਸਾਇਆ
ਖਲੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਬਲਜਿੰਦਰ ਨੂੰ ਫਸਾਇਆ ਗਿਆ ਹੈ। ਪਾਕਿਸਤਾਨੀ ਵਿਅਕਤੀ ਨੇ ਆਪਣੇ ਬੀਮਾਰ ਪਿਤਾ ਦਾ ਹਵਾਲਾ ਦੇ ਕੇ ਬਲਜਿੰਦਰ ਨੂੰ ਇਮੋਸ਼ਨਲ ਕਰਕੇ ਦਵਾਈ ਦੇ ਬਹਾਨੇ ਡਰੱਗਜ਼ ਦਾ ਪੈਕਟ ਫੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਰਗਰਮ ਸਾਰੇ ਲੋਕਾਂ ਨੂੰ ਬਲਜਿੰਦਰ ਲਈ ਖੜ੍ਹੇ ਹੋਣਾ ਪਵੇਗਾ। ਬਲਜਿੰਦਰ ਬੇਗੁਨਾਹ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਲਜਿੰਦਰ ਨੂੰ ਛੁਡਵਾਏ, ਤਾਂ ਜੋ ਉਹ ਵੀ ਆਪਣੇ ਪਰਿਵਾਰ ਨਾਲ ਰਹਿ ਸਕੇ।
ਦਿਲਜੀਤ ਬੋਲੇ- ਫੇਅਰ ਜਾਂਚ ਕਰਕੇ ਬਲਜਿੰਦਰ ਨੂੰ ਸਪੋਰਟ ਕਰੇ ਸਰਕਾਰ
ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਬਹੁਤਾ ਨਹੀਂ ਜਾਣਦੇ। ਹਾਲਾਂਕਿ, ਜੇਕਰ ਬਲਜਿੰਦਰ ਬੇਗੁਨਾਹ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਤਰ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਅਤੇ ਉਸ ਨੂੰ ਵਾਪਸ ਭਾਰਤ ਲਿਆਉਣ ਵਿੱਚ ਮਦਦ ਕਰੇ। ਉਸ ਦਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ। ਸਰਕਾਰ ਅੱਗੇ ਅਪੀਲ ਹੈ ਕਿ ਇਸ ਮਾਮਲੇ ਵਿੱਚ ਜਿੰਨੀ ਹੋ ਸਕੇ ਮਦਦ ਕੀਤੀ ਜਾਣੀ ਚਾਹੀਦੀ ਹੈ।
ਸਾਬਕਾ ਸੰਸਦ ਮੈਂਬਰ ਖੰਨਾ ਤੱਕ ਪਹੁੰਚਿਆ ਪਰਿਵਾਰ
ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਨੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਅਵਿਨਾਸ਼ ਰਾਏ ਖੰਨਾ ਕੋਲ ਵੀ ਮਦਦ ਦੀ ਗੁਹਾਰ ਲਗਾਈ ਸੀ। 21 ਸਤੰਬਰ ਨੂੰ ਹੋਈ ਜਨ ਸ਼ਿਕਾਇਤ ਸੁਣਵਾਈ ਦੌਰਾਨ ਉਨ੍ਹਾਂ ਨੇ ਖੰਨਾ ਨੂੰ ਲਿਖਤੀ ਮੰਗ ਪੱਤਰ ਸੌਂਪ ਕੇ ਕੇਂਦਰ ਸਰਕਾਰ ਤੋਂ ਸਊਦੀ ਅਰਬ ਦੇ ਅਧਿਕਾਰੀਆਂ ਨਾਲ ਮਾਮਲਾ ਚੁੱਕਣ ਦੀ ਮੰਗ ਕੀਤੀ ਸੀ।
ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ
ਖੰਨਾ ਨੇ ਪਰਿਵਾਰ ਦੀ ਸ਼ਿਕਾਇਤ ਨੂੰ ਵਿਦੇਸ਼ ਮੰਤਰਾਲੇ ਤੱਕ ਪਹੁੰਚਾਉਂਦਿਆਂ ਕੇਂਦਰ ਸਰਕਾਰ ਤੋਂ ਸਊਦੀ ਸਰਕਾਰ ਦੇ ਸਮੱਖ ਮਾਮਲਾ ਚੁੱਕਣ ਅਤੇ ਉਪਲਬਧ ਮਾਨਵੀ ਤੇ ਕੂਟਨੀਤਕ ਬਦਲਾਂ ‘ਤੇ ਯਤਨ ਕਰਨ ਦਾ ਆਗ੍ਰਹਿ ਕੀਤਾ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਵਿਦੇਸ਼ ਵਿੱਚ ਮੁਸ਼ਕਿਲ ਵਿੱਚ ਫਸੇ ਭਾਰਤੀ ਨਾਗਰਿਕ ਦੇ ਮਾਮਲੇ ਵਿੱਚ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।









