BREAKING

Punjab

ਨਸ਼ੇ ਦੀ ਵੱਡੀ ਖੇਪ ਬਰਾਮਦ,47 ਕਿੱਲੋ ਹੈਰੋਇਨ ਸਮੇਤ 4  ਤਸਕਰ ਗ੍ਰਿਫ਼ਤਾਰ!

ਨਸ਼ੇ ਦੀ ਵੱਡੀ ਖੇਪ ਬਰਾਮਦ,47 ਕਿੱਲੋ ਹੈਰੋਇਨ ਸਮੇਤ 4  ਤਸਕਰ ਗ੍ਰਿਫ਼ਤਾਰ!

ਫ਼ਰੀਦਕੋਟ ਪੁਲਿਸ ਦੇ ਸੀ.ਆਈ.ਏ. (CIA) ਸਟਾਫ਼ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 47 ਕਿੱਲੋ 332 ਗ੍ਰਾਮ ਹੈਰੋਇਨ, 3 ਵਿਦੇਸ਼ੀ ਪਿਸਤੌਲ ਅਤੇ 15 ਕਾਰਤੂਸਾਂ ਸਮੇਤ ਹੋਂਡਾ ਸਿਟੀ ਕਾਰ ਵਿੱਚ ਸਵਾਰ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ (ਵਾਸੀ ਪਿੰਡ ਗੂੜ੍ਹੜ ਪੰਜਗਰਾਈਂ, ਗੁਰੂਹਰਸਹਾਏ), ਅੰਕੁਸ਼, ਸਚਿਨ ਉਰਫ਼ ਸੰਜੂ ਅਤੇ ਅਨਮੋਲ ਸਿੰਘ (ਵਾਸੀ ਪਿੰਡ ਲਮੋਚੜ ਖੁਰਦ, ਜਲਾਲਾਬਾਦ) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਾਦਿਕ ਵਿਖੇ ਐਨ.ਡੀ.ਪੀ.ਐੱਸ. (NDPS) ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਤੇ ਫ਼ਰੀਦਕੋਟ ਵਿਖੇ ਚੱਲ ਰਹੇ ਬਾਬਾ ਫ਼ਰੀਦ ਆਗਮਨ ਪੁਰਬ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੇ ਇੰਚਾਰਜ ਹਾਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਸਾਦਿਕ ਤੋਂ ਦੀਪ ਸਿੰਘ ਵਾਲਾ ਰੋਡ ‘ਤੇ ਪਿੰਡ ਕਾਉਂਣੀ ਨੇੜੇ ਨਾਕਾਬੰਦੀ ਕੀਤੀ ਗਈ ਸੀ। ਸ਼ਨੀਵਾਰ ਅੱਧੀ ਰਾਤ ਨੂੰ ਦੀਪ ਸਿੰਘ ਵਾਲਾ ਵੱਲੋਂ ਆ ਰਹੀ ਇੱਕ ਹੋਂਡਾ ਸਿਟੀ ਕਾਰ ਨੂੰ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ। ਨਾਕੇ ਨੇੜੇ ਪਹੁੰਚ ਕੇ ਕਾਰ ਚਾਲਕਾਂ ਨੇ ਗੱਡੀ ਪਿੱਛੇ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਇਸੇ ਦੌਰਾਨ ਗੱਡੀ ਬੰਦ ਹੋ ਗਈ ਅਤੇ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਤੁਰੰਤ ਘੇਰ ਲਿਆ।

ਕਾਰ ਦੀ ਜਾਂਚ ਦੌਰਾਨ ਇੱਕ ਬੋਰੀ (ਗੱਟੇ) ਵਿੱਚੋਂ ਨਸ਼ੀਲਾ ਪਦਾਰਥ ਹੋਣ ਦੇ ਸ਼ੱਕ ‘ਤੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ DSP ਅਵਤਾਰ ਸਿੰਘ ਰਾਜਪਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੀ ਮੌਜੂਦਗੀ ‘ਚ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਬੋਰੀ ‘ਚੋਂ ਹੈਰੋਇਨ ਦੇ ਕੁੱਲ 42 ਪੈਕੇਟ (ਕੁੱਲ ਵਜ਼ਨ 47 ਕਿੱਲੋ 332 ਗ੍ਰਾਮ) ਬਰਾਮਦ ਹੋਏ। ਇਸ ਤੋਂ ਇਲਾਵਾ ਕਾਰ ਦੇ ਡੈਸ਼ਬੋਰਡ ਵਿੱਚੋਂ ਇੱਕ ਲਿਫ਼ਾਫ਼ੇ ‘ਚੋਂ .30 ਬੋਰ ਦੀਆਂ 3 ਵਿਦੇਸ਼ੀ ਪਿਸਤੌਲਾਂ, ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਅਤੇ ਹਥਿਆਰਾਂ ਦੀ ਇਸ ਵੱਡੀ ਖੇਪ ਦੇ ਪਿਛਲੇ-ਅਗਲੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds