BREAKING

JalandharPunjab

ਅੰਬੇਡਕਰ ਦੀ ਪ੍ਰਤੀਮਾ ਦੇ ਅਪਮਾਨ ‘ਤੇ ਅੱਜ ਜਲੰਧਰ ਬੰਦ

ਅੰਬੇਡਕਰ ਦੀ ਪ੍ਰਤੀਮਾ ਦੇ ਅਪਮਾਨ ‘ਤੇ ਅੱਜ ਜਲੰਧਰ ਬੰਦ

ਲੁਧਿਆਣਾ ਵਿੱਚ ਸੰਵਿਧਾਨ ਰਚੇਤਾ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ (ਅਪਮਾਨ) ਦੇ ਵਿਰੋਧ ਵਿੱਚ ਦਲਿਤ ਭਾਈਚਾਰੇ ਨੇ ਅੱਜ (10 ਸਤੰਬਰ) ਜਲੰਧਰ ਬੰਦ ਦਾ ਸੱਦਾ ਦਿੱਤਾ ਹੈ। ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੇਨਾ ਪੰਜਾਬ ਦੇ ਪ੍ਰਧਾਨ ਰਾਜੀਵ ਗੋਰਾ ਅਤੇ ਭੀਮ ਕ੍ਰਾਂਤੀ ਸੇਨਾ ਦੇ ਪ੍ਰਧਾਨ ਗੌਰਵ ਵਾਲਮੀਕਿ ਨੇ ਇਸ ਬੰਦ ਦਾ ਐਲਾਨ ਕੀਤਾ ਹੈ।

ਰਾਜੀਵ ਗੋਰਾ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹਿਰ ਦੇ ਸਾਰੇ ਬਾਜ਼ਾਰ, ਰੇਹੜੀ-ਫੜ੍ਹੀ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਦੇਖਦਿਆਂ ਹਾਈਵੇਅ ਜਾਮ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸਟੋਰ ਅਤੇ ਹਸਪਤਾਲ ਖੁੱਲ੍ਹੇ ਰਹਿਣਗੇ। ਬੱਚਿਆਂ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲ-ਕਾਲਜ ਵੀ ਬੰਦ ਨਹੀਂ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਮੁੱਖ ਧਰਨਾ ਜਲੰਧਰ ਦੇ ਡਾ. ਭੀਮਰਾਓ ਅੰਬੇਡਕਰ ਚੌਂਕ ‘ਤੇ ਦਿੱਤਾ ਜਾਵੇਗਾ, ਜਦਕਿ ਜਥੇਬੰਦੀਆਂ ਦੇ ਮੈਂਬਰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਨਗੇ। ਜਲੰਧਰ ਦੇ ਸਭ ਤੋਂ ਮਸ਼ਹੂਰ ਅਤੇ ਭੀੜਭਾੜ ਵਾਲੇ ਰੈਣਕ ਬਾਜ਼ਾਰ ਦੇ ਵਪਾਰੀਆਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ, ਅਤੇ ਬਾਕੀ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਵੀ ਖ਼ੁਦ ਦੁਕਾਨਾਂ ਬੰਦ ਰੱਖ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।

ਦੂਜੇ ਪਾਸੇ, ਲੁਧਿਆਣਾ ਵਿੱਚ ਅੱਜ 11 ਵਜੇ ਪੁਲਿਸ ਲਾਈਨ ਵਿਖੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦਲਿਤ ਭਾਈਚਾਰੇ ਨਾਲ ਬੈਠਕ ਰੱਖੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ ਅਤੇ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜੀਵ ਗੋਰਾ ਨੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਦੀ ਇਹ 10ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿੱਚ ਬੁੱਤ ਦੇ ਸ਼ੀਸ਼ੇ ਤੋੜੇ ਗਏ ਸਨ, ਪਰ ਅਪੀਲ ਕਰਨ ਦੇ ਬਾਵਜੂਦ ਉੱਥੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਾਏ ਗਏ। ਹੁਣ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ।

ਭੀਮ ਕ੍ਰਾਂਤੀ ਸੇਨਾ ਦੇ ਪ੍ਰਧਾਨ ਗੌਰਵ ਵਾਲਮੀਕਿ ਨੇ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ ਆਪਣੀ ਰਾਜਨੀਤੀ ਚਮਕਾਉਣ ਲਈ ਬਾਬਾ ਸਾਹਿਬ ਦੇ ਬੁੱਤ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਿਸ ਨਾਲ ਭਾਈਚਾਰੇ ਵਿੱਚ ਭਾਰੀ ਰੋਸ ਹੈ। ਇਸੇ ਦੌਰਾਨ, ਰੈਣਕ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਸ਼ਰਮਾ ਨੇ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਬਹੁਤ ਗਲਤ ਹੈ ਅਤੇ ਰੈਣਕ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇਗਾ।

ਜ਼ਿਕਰਯੋਗ ਹੈ ਕਿ ਮੰਗਲਵਾਰ (8 ਸਤੰਬਰ) ਨੂੰ ਸ਼ਰਾਰਤੀ ਅਨਸਰਾਂ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ‘ਚ ਸਥਿਤ ਡਾ. ਅੰਬੇਡਕਰ ਦੇ ਬੁੱਤ ‘ਤੇ ਜੁੱਤੀਆਂ ਦੀ ਮਾਲਾ ਪਾ ਕੇ ਬੇਅਦਬੀ ਕੀਤੀ ਸੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਬੁੱਤ ਦੇ ਆਸ-ਪਾਸ ਸੀ.ਸੀ.ਟੀ.ਵੀ. ਕੈਮਰੇ ਵੀ ਲਗਾ ਦਿੱਤੇ ਹਨ। ਬੁੱਧਵਾਰ ਸਵੇਰੇ ਦਲਿਤ ਸਮਾਜ ਦੇ ਲੋਕਾਂ ਨੇ ਬੁੱਤ ਦਾ ਦੁੱਧ ਨਾਲ ਅਭਿਸ਼ੇਕ ਕੀਤਾ ਸੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds