ਅੰਮ੍ਰਿਤਸਰ ‘ਚ ਪੁਲਿਸ ਦਾ ਧਾਕੜ ਐਕਸ਼ਨ: 2 ਵੱਡੇ ਨਸ਼ਾ ਸਮੱਗਲਰ ਅਸਲੇ ਤੇ ਹੈਰੋਇਨ ਸਮੇਤ ਦਬੋਚੇ!
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ਼ ਕਾਰਵਾਈ ਕਰਦਿਆਂ ਅਜਨਾਲਾ ਥਾਣਾ ਖੇਤਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇੱਕ ਪਿਸਤੌਲ, ਮੈਗਜ਼ੀਨ, 11 ਜ਼ਿੰਦਾ ਕਾਰਤੂਸ ਅਤੇ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਅਤੇ ਜਸ਼ਨਦੀਪ ਸਿੰਘ ਉਰਫ਼ ਗੋਜੀ ਵਜੋਂ ਹੋਈ ਹੈ। ਦੋਵੇਂ ਅਜਨਾਲਾ ਦੇ ਵਾਰਡ ਨੰਬਰ 2 ਦੇ ਰਹਿਣ ਵਾਲੇ ਹਨ।

ਪਾਕਿਸਤਾਨ ਤੋਂ ਹਥਿਆਰ ਲਿਆ ਕੇ ਸਪਲਾਈ ਕਰਨ ਦੀ ਸੀ ਸੂਚਨਾ
ਪੁਲਿਸ ਅਨੁਸਾਰ, ਅਜਨਾਲਾ ਪੁਲਿਸ ਦੀ ਟੀਮ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਦੇ ਸਬੰਧ ਵਿੱਚ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ। ਸੂਚਨਾ ਵਿੱਚ ਦੱਸਿਆ ਗਿਆ ਕਿ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਅਤੇ ਜਸ਼ਨਦੀਪ ਸਿੰਘ ਉਰਫ਼ ਗੋਜੀ ਕਥਿਤ ਤੌਰ ‘ਤੇ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ।ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਦੋਵਾਂ ਮੁਲਜ਼ਮਾਂ ਕੋਲ ਹਥਿਆਰਾਂ ਦੀ ਇੱਕ ਨਵੀਂ ਖੇਪ ਪਹੁੰਚੀ ਹੋਈ ਹੈ ਅਤੇ ਉਹ ਇਸ ਨੂੰ ਅੱਗੇ ਸਪਲਾਈ ਕਰਨ ਲਈ ਇਲਾਕੇ ਵਿੱਚ ਮੌਜੂਦ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
32 ਬੋਰ ਪਿਸਤੌਲ, ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ
ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ‘ਚੋਂ 32 ਬੋਰ ਦਾ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 11 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 170 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਪੁਲਿਸ ਨੇ ਬਰਾਮਦ ਹੈਰੋਇਨ ਦੀ ਜਾਂਚ ਡਰੱਗ ਡਿਟੈਕਸ਼ਨ ਕਿੱਟ ਰਾਹੀਂ ਕੀਤੀ।ਇਸ ਮਾਮਲੇ ਵਿੱਚ ਅਜਨਾਲਾ ਥਾਣੇ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਦੇ ਨਾਲ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਬਰਾਮਦ ਹਥਿਆਰ, ਕਾਰਤੂਸ ਅਤੇ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਹੁਣ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਹਥਿਆਰ ਅਤੇ ਹੈਰੋਇਨ ਦੀ ਖੇਪ ਉਹਨਾਂ ਨੂੰ ਕਿੱਥੋਂ ਮਿਲੀ ਸੀ ਅਤੇ ਇਸ ਨੂੰ ਅੱਗੇ ਕਿਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਣਾ ਸੀ। ਪੁਲਿਸ ਇਸ ਮਾਮਲੇ ਵਿੱਚ ਪਾਕਿਸਤਾਨ ਨਾਲ ਜੁੜੇ ਸੰਭਾਵੀ ਨੈੱਟਵਰਕ ਅਤੇ ਹਥਿਆਰ ਤੇ ਨਸ਼ੇ ਦੀ ਸਪਲਾਈ ਵਿੱਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।










