ਬਿਹਾਰ ਦੇ ਅਸ਼ੋਕ ਧਾਮ ਮੰਦਿਰ ‘ਚ ਵੱਡਾ ਹਾਦਸਾ! 7 ਮੌਤਾਂ ਦਾ ਕੌਣ ਜਿੰਮੇਵਾਰ ?
ਬਿਹਾਰ ਦੇ ਅਸ਼ੋਕ ਧਾਮ ਮੰਦਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਲਖੀਸਰਾਏ ਜ਼ਿਲ੍ਹੇ (Lakhisarai Accident) ਵਿੱਚ ਸੋਮਵਾਰ ਨੂੰ ਮਸ਼ਹੂਰ ਅਸ਼ੋਕ ਧਾਮ ਮੰਦਿਰ ‘ਚ ਸਵੇਰੇ ਭਾਰੀ ਭੀੜ ਕਾਰਨ ਭਗਦੜ ਮੱਚ ਗਈ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ।ਇਸ ਦੇ ਨਾਲ ਹੀ ਭੀੜ ਹੇਠਾਂ ਦੱਬੇ ਜਾਣ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਵਣ ਮਹੀਨੇ ਦਾ ਤੀਜਾ ਸੋਮਵਾਰ ਹੋਣ ਕਾਰਨ, ਮੰਦਰ ਵਿੱਚ ਪਹਿਲਾਂ ਹੀ ਭੀੜ ਸੀ, ਪਰ ਸਵੇਰੇ ਅਚਾਨਕ ਭਗਦੜ ਮੱਚ ਗਈ। ਲਖੀਸਰਾਏ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਮੰਦਰ ਵਿੱਚ ਭੀੜ ਵਿੱਚ ਅਚਾਨਕ ਵਾਧੇ ਕਾਰਨ ਹੋਇਆ। ਜਿਵੇਂ ਹੀ ਲੋਕਾਂ ਨੇ ਇੱਕ-ਦੂਜੇ ਤੋਂ ਅੱਗੇ ਵਧਣ ਕੋਸ਼ਿਸ਼ ਕੀਤੀ, ਬੈਰੀਕੇਡ ਟੁੱਟ ਗਏ, ਜਿਸ ਨਾਲ ਹਫੜਾ-ਦਫੜੀ ਮਚ ਗਈ ਅਤੇ ਭਗਦੜ ਮਚ ਗਈ।

ਸਵੇਰੇ 6 ਵਜੇ ਤੋਂ ਹੀ ਲੱਗ ਗਈਆਂ ਸਨ ਲਾਈਨਾਂ
ਲਖੀਸਰਾਏ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਸਵੇਰ ਤੋਂ ਹੀ ਵੱਧ ਰਹੀ ਸੀ। ਉਹਨਾਂ ਦਾ ਕਹਿਣਾ ਹੈ ਕਿ ਮੈਂ ਖੁਦ ਸਵੇਰੇ 3 ਵਜੇ ਤੋਂ ਉੱਥੇ ਸੀ। ਦੋ ਰੇਲਗੱਡੀਆਂ ਇੱਕੋ ਸਮੇਂ ਸਟੇਸ਼ਨ ‘ਤੇ ਆਈਆਂ, ਜਿਸ ਕਾਰਨ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਸਵੇਰੇ 6:30 ਵਜੇ ਤੋਂ ਬਾਅਦ, ਭੀੜ ਤੇਜ਼ੀ ਨਾਲ ਵਧਦੀ ਰਹੀ। ਬੈਰੀਕੇਡ ਟੁੱਟਣ ਤੋਂ ਬਾਅਦ ਭਗਦੜ ਮਚ ਗਈ। ਮੌਕੇ ‘ਤੇ ਮੌਜੂਦ ਭੀੜ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਅਤੇ ਬਾਹਰ ਖੜ੍ਹੀਆਂ ਐਂਬੂਲੈਂਸਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।











