ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਦਾ ਭੰਡਾਫੋੜ!
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗਜ਼ ਅਤੇ ਹਥਿਆਰ ਤਸਕਰੀ ਨੈੱਟਵਰਕ ਦਾ ਭੰਡਾਫੋੜ ਕੀਤਾ ਹੈ। ਇਸ ਕਾਰਵਾਈ ਦੌਰਾਨ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ 5.557 ਕਿਲੋਗ੍ਰਾਮ ਹੈਰੋਇਨ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਸਫ਼ਲਤਾ ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਨਾਜਾਇਜ਼ ਹਥਿਆਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਿਲੀ ਹੈ।
ਪੰਜਾਬ ਦੇ ਡੀਜੀਪੀ (DGP) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਂਦੇ ਸਨ, ਜਿਸ ਨੂੰ ਬਾਅਦ ਵਿੱਚ ਪੰਜਾਬ ਅਤੇ ਹੋਰਨਾਂ ਇਲਾਕਿਆਂ ਵਿੱਚ ਸਰਗਰਮ ਅਪਰਾਧਿਕ ਅਨਸਰਾਂ ਤੱਕ ਪਹੁੰਚਾਇਆ ਜਾਂਦਾ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਨੈੱਟਵਰਕ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਤਸਕਰੀ ਗਿਰੋਹ ਨਾਲ ਜੁੜਿਆ ਹੋਇਆ ਹੈ।

ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ਵਿੱਚ ਜੁਟੀਆਂ ਏਜੰਸੀਆਂ
ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਇਸਲਾਮਾਬਾਦ ਅਤੇ ਛੇਹਰਟਾ ਥਾਣਾ ਖੇਤਰਾਂ ਵਿੱਚ ਵੱਖ-ਵੱਖ ਐਫਆਈਆਰ (FIR) ਦਰਜ ਕੀਤੀਆਂ ਗਈਆਂ ਹਨ। ਜਾਂਚ ਏਜੰਸੀਆਂ ਹੁਣ ਇਸ ਪੂਰੇ ਨੈੱਟਵਰਕ ਦੀਆਂ ਕੜੀਆਂ ਨੂੰ ਜੋੜਨ ਵਿੱਚ ਜੁਟੀਆਂ ਹੋਈਆਂ ਹਨ, ਤਾਂ ਜੋ ਇਸ ਗਿਰੋਹ ਨਾਲ ਜੁੜੇ ਹੋਰਨਾਂ ਮੁਲਜ਼ਮਾਂ ਅਤੇ ਉਹਨਾਂ ਦੇ ਵਿਦੇਸ਼ੀ ਸੰਪਰਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ
ਪੁਲਿਸ ਅਧਿਕਾਰੀਆਂ ਅਨੁਸਾਰ, ਬਰਾਮਦ ਕੀਤੀ ਗਈ ਹੈਰੋਇਨ ਅਤੇ ਹਥਿਆਰਾਂ ਤੋਂ ਇਹ ਸਾਫ਼ ਹੁੰਦਾ ਹੈ ਕਿ ਤਸਕਰ ਪੰਜਾਬ ਵਿੱਚ ਨਸ਼ੇ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਕੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਉਹਨਾਂ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਤਸਕਰੀ ਨੈੱਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ
ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਸੂਬੇ ਨੂੰ ਨਸ਼ਾਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਸਰਹੱਦ ਪਾਰ ਤੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਗਿਰੋਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੂਰੇ ਨੈੱਟਵਰਕ ਨੂੰ ਤਹਿਸ-ਨਹਿਸ ਕਰਨ ਤੱਕ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।










