
ਮੁਹਾਲੀ – ਇਰਾਨ-ਇਜ਼ਰਾਈਲ ਵਿਚਕਾਰ ਤਣਾਅ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਦੋਵਾਂ ਦੇਸ਼ਾਂ ਦੀ ਜੰਗ ਵਿਚਕਾਰ ਆਮ ਜਨਤਾ ਹੀ ਪ੍ਰਭਾਵਿਤ ਹੁੰਦੀ ਹੈ। ਦੋਵਾਂ ਦੋਸ਼ਾਂ ਦੇ ਇਸ ਟਕਰਾਅ ਵਿੱਚ ਮਾਸੂਮ ਲੋਕ ਇਸ ਵਿੱਚ ਫੱਸ ਜਾਂਦੇ ਹਨ। ਕੇਂਦਰ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ‘ਆਪ੍ਰੇਸ਼ਨ ਸਿੰਧੂ’ ਨੂੰ ਸ਼ੁਰੂ ਕੀਤਾ ਹੈ। ਆਪ੍ਰੇਸ਼ਨ ਸਿੰਧੂ ਦੌਰਾਨ ਇਰਾਨ ਤੇ ਇਜ਼ਰਾਈਲ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਪਹੁੰਚਾਇਆ ਜਾ ਰਿਹਾ ਹੈ।
‘ਆਪ੍ਰੇਸ਼ਨ ਸਿੰਧੂ’ ਦੇ ਤਹਿਤ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਪਹਿਲਾਂ ਹੀ ਇਰਾਨ ਤੋਂ ਸੁਰੱਖਿਅਤ ਭਾਰਤ ਵਾਪਸ ਆ ਚੁੱਕੇ ਹਨ। ਹੁਣ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਵੀ ਸ਼ੁਰੂ ਹੋ ਗਈ ਹੈ। ਭਾਰਤੀ ਅੰਬੈਸੀ ਨੇ ਸੋਸ਼ਲ ਮੀਡੀਆ ਐਕਸ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 604 ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਸੁਰੱਖਿਅਤ ਭਾਰਤ ਪਹੁੰਚਾ ਦਿੱਤਾ ਗਿਆ ਹੈ। ‘ਆਪ੍ਰੇਸ਼ਨ ਸਿੰਧੂ’ ਦੌਰਾਨ ਇਜ਼ਰਾਈਲ ਤੋਂ ਜਾਰਡਨ ਦੀ ਰਾਜਧਾਨੀ ਕੱਢੇ ਗਏ ਕੁੱਲ 161 ਭਾਰਤੀ ਨਵੀਂ ਦਿੱਲੀ ਪਹੁੰਚ ਰਹੇ ਹਨ।
ਇਰਾਨ ਤੋਂ ਹੁਣ ਤੱਕ ਸੁਰੱਖਿਅਤ ਬਾਹਰ ਕੱਢੇ ਲਗਭਗ 2003 ਭਾਰਤੀ ਨਾਗਰਿਕ
ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਭਿਆਨਕ ਤਣਾਅ ਵਿਚਕਾਰ ਭਾਰਤ ਨੇ ਸੋਮਵਾਰ ਨੂੰ ਇਰਾਨ ਤੋਂ 290 ਭਾਰਤੀ ਨਾਗਰਿਕਾਂ ਤੇ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਰਾਨ ਤੋਂ ਹੁਣ ਤੱਕ 2003 ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਗਈ ਹੈ।
ਵਿਦੇਸ਼ ਮੰਤਰਾਲੇ ਦੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ 23 ਜੂਨ ਨੂੰ ਸ਼ਾਮ 7:15 ਵਜੇ ਨਵੀਂ ਦਿੱਲੀ ਪਹੁੰਚੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ 290 ਭਾਰਤੀ ਨਾਗਰਿਕਾਂ ਨੂੰ ਪਹੁੰਚਾਇਆ ਗਿਆ ਹੈ। ਉਹਨਾਂ ਨੇ ਵੱਡੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 2003 ਭਾਰਤੀ ਨਾਗਰਿਕਾਂ ਨੂੰ ਇਰਾਨ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।