
ਮੁਹਾਲੀ – ਇਰਾਨ-ਇਜ਼ਰਾਈਲ ਜੰਗ ਲੱਗੇ ਨੂੰ ਹਫ਼ਤੇ ਤੋਂ ਉਪਰ ਹੋ ਗਿਆ ਹੈ, ਪਰ ਇਰਾਨ ਤੇ ਇਜ਼ਰਾਈਲ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇਹਨਾਂ ਦੋਵਾਂ ਦੇਸ਼ਾਂ ਦੀ ਜੰਗ ਵਿਚਕਾਰ ਹੁਣ ਅਮਰੀਕਾ ਨੇ ਪ੍ਰਵੇਸ਼ ਕਰ ਲਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ‘ਤੇ ਫੌਜੀ ਹਮਲਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਅਮਰੀਕਾ ਨੇ ਤਿੰਨ ਹਵਾਲੀ ਹਮਲੇ ਕੀਤੇ। ਇਰਾਨ ਦੇ ਤਿੰਨ ਪ੍ਰਮੁੱਖ ਪ੍ਰਮਾਣੂ ਸਥਾਨਾਂ ‘ਤੇ ਫੋਰਡੌ, ਨਤਾਨਜ਼ ਅਤੇ ਇਸਫਾਹਨ ਨੇ ਹਵਾਈ ਹਮਲਾ ਕੀਤਾ, ਜਿਸ ਕਾਰਨ ਉਹਨਾਂ ਦੇ ਪ੍ਰਮਾਣੂ ਸਥਾਨ ਤਬਾਹ ਹੋ ਗਏ ਹਨ। ਅਮਰੀਕੀ ਫੌਜ ਨੇ ਭਿਆਨਕ ਹਮਲਾ ਕੀਤਾ, ਜਿਸ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ‘ਮਿਸ਼ਨ ਸਫਲ’ ਰਿਹਾ। ਅਮਰੀਕਾ ਨੇ ਬੀ-2 ਸਪਿਰਿਟ ਸਟੀਲਥ ਬੰਬਾਰਾਂ ਦੀ ਵਰਤੋਂ ਕਰਕੇ ਹਮਲਾ ਕੀਤਾ।
ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ। ਉਹਨਾਂ ਨੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ‘ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਆਪਣਾ ਬਹੁਤ ਸਫਲ ਹਮਲਾ ਪੂਰਾ ਕਰ ਲਿਆ ਹੈ, ਜਿਨ੍ਹਾਂ ਵਿੱਚ ਫੋਰਡੋ, ਨਤਾਨਜ਼ ਅਤੇ ਇਸਫਾਹਨ ਸ਼ਾਮਲ ਹਨ। ਸਾਰੇ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫੋਰਡੋ ‘ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਘਰ ਵਾਪਸ ਆ ਰਹੇ ਹਨ। ਸਾਡੇ ਮਹਾਨ ਅਮਰੀਕੀ ਯੋਧਿਆਂ ਨੂੰ ਵਧਾਈਆਂ। ਦੁਨੀਆ ਵਿੱਚ ਕੋਈ ਹੋਰ ਫੌਜ ਨਹੀਂ ਹੈ, ਜੋ ਅਜਿਹਾ ਕਰ ਸਕਦੀ ਸੀ। ਹੁਣ ਸ਼ਾਂਤੀ ਦਾ ਸਮਾਂ ਹੈ, ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ।‘
ਅਮਰੀਕਾ ਨੇ ਇਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਅੱਡੇ ਫੋਰਡੋ ਨੂੰ ਇਸ ਹਮਲੇ ਦਾ ਨਿਸ਼ਾਨਾ ਬਣਾਇਆ। ਇਹ ਸਥਾਨ ਆਮ ਹਮਲਿਆਂ ਤੋਂ ਸੁਰੱਖਿਅਤ ਹੈ, ਪਰ ਅਮਰੀਕਾ ਨੇ ਇੱਥੇ ਪੂਰੇ ਬੰਬ ਪੇਲੋਡ ਨਾਲ ਹਮਲਾ ਕੀਤਾ। ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਪੈਦਾ ਹੋ ਗਿਆ ਹੈ। ਇਰਾਨ ਵੱਲੋਂ ਫਿਲਹਾਲ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ।