
ਮੁਹਾਲੀ – ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਰੁਕ ਗਈ ਹੈ। ਦੋਵੇਂ ਦੇਸ਼ਾਂ ਵਿਚਕਾਰ ਇਹ ਜੰਗ 12 ਦਿਨ ਜਾਰੀ ਰਹੀ, ਹੁਣ ਜੰਗਬੰਦੀ ਤੋਂ ਬਾਅਦ ਇਸ ਜੰਗ ‘ਚ ਰੋਕ ਲੱਗੀ ਹੈ ਤਾਂ ਇਜ਼ਰਾਈਲ ਅਤੇ ਇਰਾਨ ਦੋਵੇਂ ਹੀ ਜੰਗ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਦੱਸ ਦੇਈਏ ਕਿ ਅਮਰੀਕਾ ਨੇ ਇਜ਼ਰਾਈਲ ਦੀ ਮਦਦ ਕੀਤੀ ਤੇ ਇਰਾਨ ਦੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਤਬਾਹ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ‘ਹੁਣ ਇਰਾਨ ਅਗਲੇ ਕਈ ਸਾਲਾਂ ਤੱਕ ਪ੍ਰਮਾਣੂ ਹਥਿਆਰ ਨਹੀਂ ਬਣਾ ਸਕੇਗਾ। ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਗੱਲਬਾਤ ਜਲਦ ਹੀ ਹੋਵੇਗੀ।‘
ਅਮਰੀਕਾ ਅਤੇ ਇਰਾਨ ਵਿਚਕਾਰ ਹੋਵੇਗੀ ਗੱਲਬਾਤ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੱਸਿਆ ਕਿ ‘ਅਮਰੀਕਾ ਅਤੇ ਇਰਾਨ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਗਲੇ ਹਫ਼ਤੇ ਹੋਵੇਗੀ। ਡੌਨਲਡ ਟਰੰਪ ਨੇ ਨਾਟੋ ਸੰਮੇਲਨ ਨੂੰ ਦੱਸਿਆ ਕਿ ‘ਅਗਲੇ ਹਫ਼ਤੇ ਅਮਰੀਕਾ ਅਤੇ ਇਰਾਨ ਵਿਚਕਾਰ ਗੱਲਬਾਤ ਦੌਰਾਨ ਵਿਸ਼ੇਸ਼ ਵਿਸ਼ਿਆਂ ‘ਤੇ ਚਰਚਾ ਹੋਵੇਗੀ। ਦੋਵੇਂ ਦੇਸ਼ ਇਜ਼ਰਾਈਲ-ਇਰਾਨ ਯੁੱਧ, ਜੰਗਬੰਦੀ, ਇਰਾਨੀ ਪ੍ਰਮਾਣੂ ਪ੍ਰੋਗਰਾਮ ਸਮੇਤ ਹੋਰ ਕੁਝ ਅਹਿਮ ਮੁੱਦਿਆ ‘ਤੇ ਚਰਚਾ ਕਰਨਗੇ। ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗਬੰਦੀ ਠੀਕ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ (ਡੌਨਲਡ ਟਰੰਪ) ਦੀ ਬੇਨਤੀ ‘ਤੇ ਹੀ ਇਜ਼ਰਾਈਲ ਨੇ ਇਰਾਨ ਤੋਂ ਆਪਣੇ ਲੜਾਕੂ ਜਹਾਜ਼ ਵਾਪਸ ਬੁਲਾਏ ਸਨ। ਇਸ ਅਨੁਸਾਰ ਹੁਣ ਇਜ਼ਰਾਈਲ ਅਤੇ ਇਰਾਨ ਦੋਵੇਂ ਦੇਸ਼ ਇੱਕ-ਦੂਜੇ ‘ਤੇ ਹਮਲਾ ਨਹੀਂ ਕਰਨਗੇ ਤੇ ਦੋਵਾਂ ਵਿਚਕਾਰ ਸ਼ਾਂਤੀ ਬਣੀ ਰਹੇਗੀ।‘