ਮੋਹਾਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਜਹਾਜ਼ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈl ਉਨ੍ਹਾਂ ਨੇ ਇਸ ਹਾਦਸੇ ਨੂੰ ਭਿਆਨਕ ਅਤੇ ਹਵਾਬਾਜ਼ੀ ਦੇ ਇਤਿਹਾਸ ਦੀਆਂ ਸਭ ਤੋਂ ਮੰਦਭਾਗੀ ਘਟਨਾਵਾਂ ਵਿੱਚੋਂ ਇੱਕ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਅਮਰੀਕਾ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਹਾਜ਼ ਹਾਦਸਾ ਬਹੁਤ ਭਿਆਨਕ ਸੀ। ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਮਦਦ ਕਰ ਸਕਦੇ ਹਾਂ ਕਰਾਂਗੇ। ਭਾਰਤ ਇੱਕ ਵੱਡਾ ਅਤੇ ਮਜ਼ਬੂਤ ਦੇਸ਼ ਹੈ, ਮੈਨੂੰ ਯਕੀਨ ਹੈ ਕਿ ਉਹ ਇਸ ਨੂੰ ਸੰਭਾਲ ਲੈਣਗੇ। ਪਰ, ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਮਦਦ ਦੀ ਲੋੜ ਹੈ, ਤਾਂ ਅਸੀਂ ਤੁਰੰਤ ਉੱਥੇ ਪਹੁੰਚਾਂਗੇ। ਇਹ ਹਾਦਸਾ ਬਹੁਤ ਦੁਖਦਾਈ ਸੀ। ਅਸੀਂ ਵੀਡੀਓਜ਼ ਵਿੱਚ ਜਹਾਜ਼ ਨੂੰ ਦੇਖਿਆ, ਇਹ ਠੀਕ ਤਰ੍ਹਾਂ ਉੱਡ ਰਿਹਾ ਸੀ, ਪਰ ਸ਼ਾਇਦ ਇੰਜਣਾਂ ਦੀ ਸ਼ਕਤੀ ਕਮਜ਼ੋਰ ਹੋ ਗਈ ਸੀ।
ਦੱਸ ਦੇਈਏ ਕਿ ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਲੰਡਨ ਜਾਣ ਵਾਲੇ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ।