
ਮੁਹਾਲੀ – ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਜ਼ਰਾਈਲ ਨੂੰ ਹੁਣ ਸਖ਼ਤ ਚੇਤਾਵਨੀ ਦਿੱਤੀ ਹੈ। ਡੌਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਨੂੰ ਤੁਰੰਤ ਆਪਣੇ ਪਾਇਲਟਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ। ਉਹਨਾਂ ਨੇ ਉਸ ਸਮੇਂ ਬਿਆਨ ਦਿੱਤਾ ਜਦ ਇਰਾਨ ਨੇ ਜੰਗਬੰਦੀ ਦੇ ਬਾਅਦ ਵੀ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਜ਼ਰਾਈਲ ਨੇ ਵੀ ਬਦਲੇ ਵਜੋਂ ਇਰਾਨ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਡੌਲਨਡ ਟਰੰਪ ਨੇ ਚੇਤਾਵਨੀ ਦਿੱਤੀ ਹੈ।
ਡੌਨਲਡ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਮਾਣੂ ਸਮਰੱਥਾ ਹੁਣ ਖ਼ਤਮ ਹੋ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਭਵਿੱਖ ਵਿੱਚ ਕਦੇ ਵੀ ਪ੍ਰਮਾਣੂ ਬੰਬ ਨਹੀਂ ਬਣਾ ਸਕੇਗਾ। ਇਸ ਸਬੰਧ ਵਿੱਚ ਡੌਨਲਡ ਟਰੰਪ ਨੇ ਇਜ਼ਰਾਈਲ ਅਤੇ ਇਰਾਨ ਦੋਵਾਂ ਨੂੰ ਜੰਗਬੰਦੀ ਦੀ ਉਲੰਘਣਾ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਇਜ਼ਰਾਈਲ ਤੇ ਇਰਾਨ ਵਿਚਕਾਰ ਜੰਗ ਹੋਰ ਜ਼ਿਆਦਾ ਵੱਧ ਗਈ ਹੈ। ਇਜ਼ਰਾਈਲ ਦੇ 20 ਤੋਂ ਵੱਧ ਲੜਾਕੂ ਜਹਾਜ਼ਾਂ ਨੇ 30 ਤੋਂ ਵੱਧ ਹਥਿਆਰਾਂ ਦੀ ਵਰਤੋਂ ਕੀਤੀ। ਇਜ਼ਰਾਈਲ ਨੇ ਤਹਿਰਾਨ ‘ਤੇ ਹਮਲਾ ਕੀਤਾ ਹੈ। ਇਹਨਾਂ ਹਮਲਿਆਂ ਦੀ ਜਾਣਕਾਰੀ ਆਪ ਇਜ਼ਰਾਈਲ ਦੇ ਰੱਖਿਆ ਬਲਾਂ ਨੇ ਦਿੱਤੀ ਹੈ। ਇਜ਼ਰਾਈਲ ਰੱਖਿਆ ਬਲਾਂ ਨੇ ਮਿਜ਼ਾਈਲ ਸਟੋਰੇਜ ਅਤੇ ਲਾਂਚ ਬੁਨਿਆਦੀ ਢਾਂਚਾ, ਹਵਾਈ ਖੁਫੀਆ ਜਾਣਕਾਰੀ ਲਈ ਵਰਤੇ ਜਾਂਦੇ ਰਾਡਾਰ ਅਤੇ ਸੈਟੇਲਾਈਟ ਸਿਸਟਮ, ਅਤੇ ਤਹਿਰਾਨ ਦੇ ਨੇੜੇ ਇੱਕ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲਾ ਮਿਜ਼ਾਈਲ ਲਾਂਚਰ ਸ਼ਾਮਲ ਹੈ। ਇਰਾਨ ਤੇ ਇਜ਼ਰਾਈਲ ‘ਚ ਟਕਰਾਅ 13 ਜੂਨ ਤੋਂ ਚੱਲ ਰਿਹਾ ਹੈ।
ਅਮਰੀਕਾ ਨੇ ਦਿੱਤੀ ਚੇਤਾਵਨੀ
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਰਾਨ ਦੇ ਪ੍ਰਮਾਣੂ ਸਥਾਨਾਂ ‘ਤੇ ਹਮਲੇ ਤੋਂ ਬਾਅਦ ਖਤਰੇ ਦੀ ਸਥਿਤੀ ਵੱਧ ਸਕਦੀ ਹੈ। ਇਸ ਦੌਰਾਨ ਐਫਬੀਆਈ (FBI) ਦੇ ਡਿਪਟੀ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਉਹ ਜਵਾਬੀ ਹਿੰਸਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੇ ਨਾਲ ਹੀ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਹਾਈ ਅਲਰਟ ਜਾਰੀ ਕੀਤਾ ਹੈ।