ਗੁਰਦਾਸਪੁਰ – ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਕਸਬੇ ਵਿਚ ਬੀਤੀ ਦੁਪਹਿਰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈl ਜਿਥੇ ਇਕ ਵਿਅਕਤੀ ਜ਼ਹਿਰੀਲੀਆਂ ਧਮੂੜੀਆਂ ਨੂੰ ਅੱਗ ਲਗਾਉਂਦੇ ਸਮੇਂ ਖ਼ੁਦ ਹੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਕਾਹਨੂੰਵਾਨ ਵਾਸੀ ਮ੍ਰਿਤਕ ਦਲੀਪ ਸਿੰਘ ਪੁੱਤਰ ਭੀਖਮ ਸਿੰਘ 8 ਜੂਨ ਦੀ ਦੁਪਹਿਰ ਆਪਣੇ ਘਰ ਵਿੱਚ ਇਕੱਲਾ ਸੀ। ਉਸ ਦੀ ਪਤਨੀ ਕਿਸੇ ਕੰਮ ਲਈ ਕਿਸੇ ਹੋਰ ਘਰ ਗਈ ਹੋਈ ਸੀ। ਦਲੀਪ ਸਿੰਘ ਨੇ ਘਰ ਦੀ ਛੱਤ ‘ਤੇ ਪਈਆਂ ਲੱਕੜੀਆਂ ਅਤੇ ਧਮੂੜੀਆਂ ਨੂੰ ਡੀਜ਼ਲ ਦੇ ਨਾਲ ਸਾੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡੀਜ਼ਲ ਨੇ ਅੱਗ ਨੂੰ ਹੋਰ ਭੜਕਾ ਦਿੱਤਾ ਤੇ ਜਦੋਂ ਉਹ ਅੱਗ ਤੋਂ ਪਿੱਛੇ ਹਟਣ ਲੱਗਿਆ ਤਾਂ ਪੌੜੀ ਅਤੇ ਲੱਕੜਾਂ ਸਮੇਤ ਹੇਠਾਂ ਡਿੱਗ ਪਿਆ।
ਡਿੱਗਣ ਨਾਲ ਉਹ ਭੜਕਦੀ ਅੱਗ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਰ ਵਿੱਚ ਪਈ ਵਾਸ਼ਿੰਗ ਮਸ਼ੀਨ ਵੀ ਅੱਗ ਕਾਰਨ ਸੜ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਬਾਹਰ ਕੰਮ ਲਈ ਗਈ ਸੀ ਅਤੇ ਵਾਪਸ ਆ ਕੇ ਖਾਣਾ ਖਾਵਾਂਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦਲੀਪ ਸਿੰਘ ਦੀ ਮੌਤ ਕਾਰਨ ਮੁਹੱਲੇ ਅਤੇ ਕਸਬੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ, ਦੀਆਂ ਦੋ ਧੀਆਂ ਹਨ, ਜੋ ਵਿਆਹੀਆਂ ਹੋਈਆਂ ਹਨ। ਪਰਿਵਾਰ ਵੱਲੋਂ ਕਿਸੇ ਵੀ ਪੁਲਸ ਜਾਂ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।