ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਅਤੇ ਖੇਡ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। 8ਵੀਂ ਨਿਊਜ਼ੀਲੈਂਡ ਸਿੱਖ ਖੇਡਾਂ (8th New Zealand Sikh Games 2026) ਦੀਆਂ ਤਰੀਖਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਇਹ ਵਿਸ਼ਾਲ ਖੇਡ ਮੇਲਾ 28 ਅਤੇ 29 ਨਵੰਬਰ 2026 ਨੂੰ ਆਕਲੈਂਡ ਦੇ ਪ੍ਰਸਿੱਧ ਬਰੂਸ ਪੁਲਮੈਨ ਪਾਰਕ (Bruce Pulman Park) ਵਿੱਚ ਕਰਵਾਇਆ ਜਾਵੇਗਾ।
ਦੁਨੀਆ ਭਰ ਤੋਂ ਖਿਡਾਰੀ ਲੈਣਗੇ ਹਿੱਸਾ: ਕਬੱਡੀ, ਸੋਕਰ ਤੇ ਗੱਤਕਾ ਹੋਣਗੇ ਖਿੱਚ ਦਾ ਕੇਂਦਰ
ਦੋ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਕੁੰਭ ਵਿੱਚ ਨਿਊਜ਼ੀਲੈਂਡ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਖੇਡਾਂ ਦੇ ਮੁਕਾਬਲਿਆਂ ਵਿੱਚ:
ਪਰੰਪਰਾਗਤ ਤੇ ਆਧੁਨਿਕ ਖੇਡਾਂ: ਕਬੱਡੀ, ਖੋ-ਖੋ, ਸੋਕਰ (ਫੁੱਟਬਾਲ), ਅਤੇ ਵਾਲੀਬਾਲ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ।

ਸੱਭਿਆਚਾਰਕ ਰੰਗ: ਖੇਡਾਂ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ।
ਬੱਚਿਆਂ ਦੀਆਂ ਪੇਸ਼ਕਾਰੀਆਂ: ਨੰਨੇ-ਮੁੰਨੇ ਬੱਚਿਆਂ ਵੱਲੋਂ ਭੰਗੜੇ ਅਤੇ ਗਿੱਧੇ ਦੀਆਂ ਧਮਾਲਾਂ ਪਾਈਆਂ ਜਾਣਗੀਆਂ।
ਗੱਤਕੇ ਦੇ ਜੌਹਰ: ਸਿੱਖ ਮਾਰਸ਼ਲ ਆਰਟ ‘ਗੱਤਕਾ’ ਦੇ ਸ਼ਾਨਦਾਰ ਪ੍ਰਦਰਸ਼ਨ ਖਾਸ ਖਿੱਚ ਦਾ ਕੇਂਦਰ ਰਹਿਣਗੇ।
“ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨਾ ਮੁੱਖ ਮਕਸਦ” — ਪ੍ਰਬੰਧਕ
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਪ੍ਰਧਾਨ ਦਲਜੀਤ ਸਿੰਘ ਸਿੱਧੂ ਅਤੇ ਚੇਅਰਮੈਨ ਤਾਰਾ ਸਿੰਘ ਬੈਂਸ ਨੇ ਕਿਹਾ:
“ਇਸ ਸਮਾਗਮ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜ੍ਹੀ ਅਤੇ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਅਮੀਰ ਸਿੱਖ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਹੈ। ਸਿੱਖ ਗੇਮਜ਼ ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਸਫ਼ਲਤਾਪੂਰਵਕ ਕਰਵਾਈਆਂ ਜਾ ਰਹੀਆਂ ਹਨ ਅਤੇ ਹਰ ਸਾਲ ਖਿਡਾਰੀਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।”
ਸਪਾਂਸਰਾਂ ਤੇ ਮੀਡੀਆ ਦਾ ਕੀਤਾ ਧੰਨਵਾਦ
ਤਰੀਖਾਂ ਦੇ ਐਲਾਨ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਪਾਂਸਰਾਂ, ਸਪੋਰਟਸ ਕਲੱਬਾਂ ਅਤੇ ਮੀਡੀਆ ਭਾਈਚਾਰੇ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕੀ ਟੀਮ ਨੇ ਖਿਡਾਰੀਆਂ ਨੂੰ ਹੁਣ ਤੋਂ ਹੀ ਆਪਣੀਆਂ ਤਿਆਰੀਆਂ ‘ਚ ਜੁੱਟ ਜਾਣ ਦੀ ਅਪੀਲ ਕੀਤੀ ਹੈ।
ਇਸ ਵਾਰ ਵੀ ਨਿਊਜ਼ੀਲੈਂਡ ਦੀਆਂ ਕਈ ਉੱਘੀਆਂ ਸ਼ਖਸੀਅਤਾਂ, ਖੇਡ ਕਲੱਬ ਅਤੇ ਵੱਖ-ਵੱਖ ਭਾਈਚਾਰਕ ਐਸੋਸੀਏਸ਼ਨਾਂ ਇਸ ਖੇਡ ਮੇਲੇ ਵਿੱਚ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਉਣਗੀਆਂ
ਨਿਊਜ਼ੀਲੈਂਡ ਤੋ ਬਿਨੈਦੀਪ ਸਿੰਘ ਦੀ ਖਾਸ ਰਿਪੋਰਟ