ਚੰਡੀਗੜ੍ਹ- ਬੈਂਗਲੁਰੂ ਭਗਦੜ ਮਾਮਲੇ ਵਿੱਚ, ਮੁੱਖ ਮੰਤਰੀ ਸਿੱਧਰਮਈਆ ਨੇ ਪੁਲਿਸ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ (RCB) ਅਤੇ ਡੀਐਨਏ ਇਵੈਂਟ ਮੈਨੇਜਮੈਂਟ ਏਜੰਸੀ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਬੈਂਗਲੁਰੂ ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਤੋਂ ਇਲਾਵਾ, ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਵਧੀਕ ਪੁਲਿਸ ਕਮਿਸ਼ਨਰ, ਕਬਨ ਪਾਰਕ ਪੁਲਿਸ ਸਟੇਸ਼ਨ ਇੰਚਾਰਜ, ਏਸੀਪੀ, ਡੀਸੀਪੀ ਸੈਂਟਰਲ ਡਿਵੀਜ਼ਨ, ਕ੍ਰਿਕਟ ਸਟੇਡੀਅਮ ਇੰਚਾਰਜ, ਸਟੇਸ਼ਨ ਹਾਊਸ ਮਾਸਟਰ, ਸਟੇਸ਼ਨ ਹਾਊਸ ਅਫਸਰ ਸ਼ਾਮਲ ਹਨ।
ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਲਈ ਸੇਵਾਮੁਕਤ ਹਾਈ ਕੋਰਟ ਜੱਜ ਜੌਨ ਮਾਈਕਲ ਡੀ’ਕੁੰਹਾ ਦੀ ਪ੍ਰਧਾਨਗੀ ਹੇਠ ਇੱਕ ਮੈਂਬਰੀ ਜਾਂਚ ਕਮਿਸ਼ਨ ਬਣਾਇਆ ਗਿਆ ਹੈ। ਕਮਿਸ਼ਨ 30 ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗਾ। RCB ਦੇ ਇਸ ਸਮਾਗਮ ਦੇ ਆਯੋਜਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਇਵੈਂਟ ਮੈਨੇਜਮੈਂਟ ਏਜੰਸੀ ਡੀਐਨਏ, ਕੇਐਸਸੀਏ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਦੱਸ ਦੇਈਏ ਕਿ 18 ਸਾਲ ਬਾਅਦ RCB ਨੇ IPL ਦਾ ਖਿਤਾਬ ਜਿੱਤਿਆ, ਜਿਸ ਦਾ ਜਸ਼ਨ ਹਰ ਕੋਈ ਮਨਾ ਰਿਹਾ ਸੀ। ਪਰ ਇਹ ਜਸ਼ਨ ਕਿਸ ਸਮੇਂ ਮਾਤਮ ਵਿੱਚ ਬਦਲ ਗਿਆ ਪਤਾ ਹੀ ਨਹੀਂ ਲੱਗਾ। ਜਦ ਟੀਮ RCB ਦੀ ਜਿੱਤ ਹਾਸਿਲ ਕਰਕੇ ਅਹਿਮਦਾਬਾਦ ਤੋਂ ਬੈਂਗਲੁਰੂ ਪਹੁੰਚੀ ਤਾਂ ਪ੍ਰਸ਼ੰਸਕ ਬਹੁਤ ਖੁਸ਼ ਹੋਏ। RCB ਦੇ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਗਿਆ ਸੀ। ਪ੍ਰਸ਼ੰਸਕ ਉਹਨਾਂ ਨੂੰ ਦੇਖਣ ਲਈ ਚਿੰਨਾਸਵਾਮੀ ਸਟੇਡੀਅਮ ਪਹੁੰਚੇ ਸਨ, ਲੱਖਾਂ ਦੀ ਗਿਣਤੀ ਵਿੱਚ ਭੀੜ ਇੱਕਠੀ ਹੋਈ ਸੀ। ਉਹ ਸਾਰੇ ਸਟੇਡੀਅਮ ਵਿਚ ਦਾਖਲ ਹੋਣ ਲਈ ਬਹੁਤ ਬੇਤਾਬ ਸੀ, ਇਸ ਦੌਰਾਨ ਹੀ ਉੱਥੇ ਭਗਦੜ ਮੱਚ ਗਈ। ਜਿਸ ਕਾਰਨ ਉਥੇ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ ਹਨI