ਮੋਹਾਲੀ ‘ਚ ਟ੍ਰੈਕਟਰ ਚੋਰੀ ਗਿਰੋਹ ਦਾ ਖੁਲਾਸਾ, 3 ਗ੍ਰਿਫ਼ਤਾਰ
ਮੋਹਾਲੀ ਪੁਲਿਸ ਨੇ ਟ੍ਰੈਕਟਰ ਚੋਰੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਖੁਲਾਸਾ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਟ੍ਰੈਕਟਰ, 3 ਟਰਾਲੀਆਂ, 1 ਖੱਡੇ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਹਨ। ਇਹ ਕਾਰਵਾਈ ਐੱਸ.ਐੱਸ.ਪੀ. ਮੋਹਾਲੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ.ਪੀ. ਰੂਰਲ ਜਸਪਿੰਦਰ ਸਿੰਘ ਅਤੇ ਡੀ.ਐੱਸ.ਪੀ. ਖਰੜ-1 ਈਸ਼ਾਨ ਸਿੰਗਲਾ ਦੀ ਅਗਵਾਈ ਵਿੱਚ ਥਾਣਾ ਸਦਰ ਖਰੜ ਦੇ ਐੱਸ.ਐੱਚ.ਓ. ਇੰਸਪੈਕਟਰ ਸੁਨੀਲ ਕੁਮਾਰ ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ।
ਡੀ.ਐੱਸ.ਪੀ. ਈਸ਼ਾਨ ਸਿੰਗਲਾ ਅਨੁਸਾਰ, 29 ਜੁਲਾਈ ਨੂੰ ਇੱਕ ਮਹਿਂਦਰਾ 265 DI ਟ੍ਰੈਕਟਰ (ਨੰਬਰ UP-23-AU-2516) ਚੋਰੀ ਹੋਇਆ ਸੀ, ਜਿਸ ਸਬੰਧੀ 5 ਅਗਸਤ ਨੂੰ ਥਾਣਾ ਸਦਰ ਖਰੜ ਵਿੱਚ ਕੇਸ ਨੰਬਰ 345, ਧਾਰਾ 303(2) BNS ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ, 7 ਸਤੰਬਰ ਦੀ ਰਾਤ ਨੂੰ ਇੱਕ ਲਾਲ ਰੰਗ ਦਾ ਮਹਿਂਦਰਾ ਸਵਰਾਜ 744 ਟ੍ਰੈਕਟਰ (ਨੰਬਰ PB-27-M-7957) ਵੀ ਚੋਰੀ ਹੋ ਗਿਆ ਸੀ। ਇਸ ਮਾਮਲੇ ਵਿੱਚ 10 ਸਤੰਬਰ ਨੂੰ ਕੇਸ ਨੰਬਰ 402, ਧਾਰਾ 303(2) BNS ਅਧੀਨ ਕੇਸ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਪੁਲਿਸ ਨੇ ਸਭ ਤੋਂ ਪਹਿਲਾਂ ਸ਼ੇਰਾ ਨਾਮਕ ਵਿਅਕਤੀ ਨੂੰ ਸਾਹਿਬਾਜ਼ਪੁਰ ਰੋਡ, ਹਨੂਮਾਨ ਮੰਦਰ ਕੋਲ, ਰਾਏਕੋਟ (ਲੁਧਿਆਣਾ) ਤੋਂ ਗ੍ਰਿਫ਼ਤਾਰ ਕੀਤਾ। ਉਸ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਹਿਮਾਂਸ਼ੂ ਕੁਮਾਰ ਨੂੰ ਮੇਰਠ ਤੋਂ ਦਬੋਚਿਆ। ਹਿਮਾਂਸ਼ੂ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਥਾਣਾ ਹਸਨਪੁਰ ਅਧੀਨ ਪੈਂਦੇ ਪਿੰਡ ਰਾਮ ਸ਼ੇਰਗੜ੍ਹ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਹਿਮਾਂਸ਼ੂ ਨੇ ਟ੍ਰੈਕਟਰ ਚੋਰੀ ਕਰਨ ਦੀ ਗੱਲ ਕਬੂਲ ਕੀਤੀ, ਜਿਸ ਤੋਂ ਬਾਅਦ ਉਸ ਦੀ ਦੱਸੀ ਥਾਂ ਤੋਂ 4 ਟ੍ਰੈਕਟਰ ਅਤੇ 3 ਟਰਾਲੀਆਂ ਬਰਾਮਦ ਕੀਤੀਆਂ ਗਈਆਂ।
ਇਸ ਤੋਂ ਬਾਅਦ ਹਿਮਾਂਸ਼ੂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸਮੀਰ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਪੂਰਬੀ ਦਿੱਲੀ ਦੇ ਨਿਊ ਸੀਲਮਪੁਰ (ਕੇ-ਬਲਾਕ, ਬੈਂਡ-ਬਾਜੇ ਵਾਲੀ ਗਲੀ) ਦਾ ਰਹਿਣ ਵਾਲਾ ਹੈ। ਉਸ ਕੋਲੋਂ ਚੋਰੀ ਕੀਤੀ ਗਈ ਇੱਕ ਖੱਡੇ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਮਿਲੇ ਹਨ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਫੜੇ ਗਏ ਆਰੋਪੀਆਂ ਤੋਂ ਪੁੱਛਗਿੱਛ ਕਰਕੇ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।









