ਜੱਗਾ ਗੈਂਗ ‘ਤੇ ਪੁਲਿਸ ਦਾ ਸ਼ਿਕੰਜਾ, ਕਪੂਰਥਲਾ ‘ਚ ਵੱਡੀ ਸਫਲਤਾ !
ਕਪੂਰਥਲਾ ਪੁਲਿਸ ਨੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗਾ ਫੂਕੀਵਾਲ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਸੁਲਤਾਨਪੁਰ ਲੋਧੀ ਗੋਲੀਕਾਂਡ ਦੇ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਆਸਟਰੀਆ ਵਿੱਚ ਬਣੀ ਇੱਕ ਅਤਿ-ਆਧੁਨਿਕ ਗਲੌਕ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।ਐੱਸਐੱਸਪੀ ਨੇ ਦੱਸਿਆ ਕਿ ਇਹ ਘਟਨਾ 1 ਨਵੰਬਰ 2025 ਨੂੰ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਂਪੁਰ ਵਿੱਚ ਵਾਪਰੀ ਸੀ। ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਰਜਿੰਦਰ ਸਿੰਘ ‘ਤੇ ਗੋਲੀਆਂ ਚਲਾਈਆਂ ਸਨ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਕਈ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ, ਜਦਕਿ ਇਸ ਸਾਜ਼ਿਸ਼ ਦਾ ਮੁੱਖ ਮਾਸਟਰਮਾਈਂਡ ਵਿਦੇਸ਼ ਵਿੱਚ ਬੈਠਾ ਜੱਗਾ ਫੂਕੀਵਾਲ ਸੀ।

ਵਿਸ਼ੇਸ਼ ਟੀਮ ਦਾ ਕੀਤਾ ਗਿਆ ਸੀ ਗਠਨ: ਐੱਸਪੀ (ਡੀ) ਹਰਿੰਦਰ ਸਿੰਘ ਅਤੇ ਏਐੱਸਪੀ ਧੀਰੇਂਦਰ ਵਰਮਾ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਸੀਆਈਏ ਕਪੂਰਥਲਾ ਦੇ ਇੰਚਾਰਜ ਐੱਸਆਈ ਰਮਨ ਕੁਮਾਰ ਅਤੇ ਥਾਣਾ ਮੁਖੀ ਐੱਸਆਈ ਦਵਿੰਦਰਪਾਲ ਸ਼ਾਮਲ ਸਨ।ਟੀਮ ਨੇ 29 ਜੁਲਾਈ 2026 ਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਸ਼ੂਟਰ ਹਰਵਿੰਦਪਾਲ ਮੱਟੂ ਉਰਫ਼ ਇੰਦੂ ਨੂੰ ਸ਼ਾਹਕੋਟ (ਜਲੰਧਰ) ਦੇ ਤਲਵੰਡੀ ਮਾਧੋ ਤੋਂ ਗ੍ਰਿਫ਼ਤਾਰ ਕੀਤਾ। ਹਰਵਿੰਦਪਾਲ ਖ਼ਿਲਾਫ਼ ਪਹਿਲਾਂ ਵੀ ਖੰਨਾ ਅਤੇ ਹੁਸ਼ਿਆਰਪੁਰ ਵਿੱਚ ਆਰਮਜ਼ ਐਕਟ ਤਹਿਤ ਦੋ ਕੇਸ ਦਰਜ ਹਨ।ਪੁਲਿਸ ਟੀਮ ਨੇ ਮਨੁੱਖੀ ਅਤੇ ਤਕਨੀਕੀ ਸੂਤਰਾਂ ਦੀ ਮਦਦ ਨਾਲ ਵਾਰਦਾਤ ਦੀ ਰੇਕੀ ਕਰਨ ਵਾਲੇ ਮੁੱਖ ਮੁਲਜ਼ਮ ਬਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਵੀ 24 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਮੁਲਜ਼ਮ ਹੋ ਚੁੱਕੇ ਹਨ ਗ੍ਰਿਫ਼ਤਾਰ: ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਹੋਰ ਮੁਲਜ਼ਮਾਂ ਵਿੱਚ ਸ਼ੂਟਰ ਅਜੈ ਕੁਮਾਰ ਉਰਫ਼ ਬਿੱਲੀ (ਸ਼ਾਹਜਹਾਂਪੁਰ), ਹਰਵਿੰਦਰ ਸਿੰਘ ਉਰਫ਼ ਬਬਲਾ (ਤਲਵੰਡੀ ਮਹਿਮਾ, ਜਲੰਧਰ), ਤੀਰਥ ਸਿੰਘ ਉਰਫ਼ ਡੌਨ (ਤਲਵੰਡੀ ਮਹਿਮਾ, ਜਲੰਧਰ), ਕਰਨ ਕੁਮਾਰ ਉਰਫ਼ ਗੋਲਡੀ (ਜੱਬੋਵਾਲ, ਸੁਲਤਾਨਪੁਰ ਲੋਧੀ), ਬਲਜੀਤ ਸਿੰਘ ਉਰਫ਼ ਬੌਬੀ (ਭਾਣੋਲੰਗਾ, ਕਪੂਰਥਲਾ), ਜਸ਼ਨਦੀਪ ਸਿੰਘ ਉਰਫ਼ ਬੱਲੂ (ਭਾਣੋਲੰਗਾ, ਕਪੂਰਥਲਾ), ਗੁਲਸ਼ਨ ਕੁਮਾਰ (ਸ਼ਾਹਜਹਾਂਪੁਰ, ਸੁਲਤਾਨਪੁਰ ਲੋਧੀ), ਪ੍ਰਿੰਸ (ਨਵਾਂ ਪਿੰਡ ਦੋਨੇਵਾਲ, ਲੋਹੀਆਂ) ਅਤੇ ਅਰਸ਼ਪ੍ਰੀਤ (ਕਾਹਲਵਾਂ, ਕਪੂਰਥਲਾ) ਸ਼ਾਮਲ ਹਨ।
ਬਾਕੀ ਮੁਲਜ਼ਮ ਵੀ ਜਲਦ ਹੋਣਗੇ ਗ੍ਰਿਫ਼ਤਾਰ: ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਆਸਟਰੀਆ ਵਿੱਚ ਬਣੀ ਇੱਕ ਅਤਿ-ਆਧੁਨਿਕ ਗਲੌਕ ਪਿਸਤੌਲ, 8 ਜ਼ਿੰਦਾ ਕਾਰਤੂਸ, ਇੱਕ ਦੇਸੀ ਪਿਸਤੌਲ (.30 ਬੋਰ) ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।ਉਨ੍ਹਾਂ ਕਿਹਾ ਕਿ ਗੈਂਗ ਦੇ ਬਾਕੀ ਮੈਂਬਰਾਂ ਨੂੰ ਵੀ ਜਲਦੀ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।ਇਸ ਮੌਕੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਐੱਸਆਈ ਦਵਿੰਦਰਪਾਲ, ਸੀਆਈਏ ਇੰਚਾਰਜ ਐੱਸਆਈ ਰਮਨ ਕੁਮਾਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।









