ਅੰਮ੍ਰਿਤਸਰ ‘ਚ GRP ਦੇ ASI ‘ਤੇ ਫਾਇਰਿੰਗ,ਬਾਂਹ ‘ਚੋਂ ਆਰ-ਪਾਰ ਹੋਈ ਗੋਲੀ
ਅੰਮ੍ਰਿਤਸਰ ‘ਚ ਜੀ.ਆਰ.ਪੀ. (GRP) ‘ਚ ਤਾਇਨਾਤ ਏ.ਐੱਸ.ਆਈ. (ASI) ਸੁਖਚੈਨ ਸਿੰਘ ‘ਤੇ ਥਾਣੇ ਤੋਂ ਘਰ ਪਰਤਦਿਆਂ 3 ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਪਿੰਡ ਨੇੜੇ ਘਰ ਤੋਂ ਕਰੀਬ 1 ਕਿਲੋਮੀਟਰ ਦੂਰ ਪੁਲੀ ‘ਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਚਲਾਈਆਂ। ਇੱਕ ਗੋਲੀ ਉਨ੍ਹਾਂ ਦੀ ਖੱਬੀ ਬਾਂਹ ‘ਚ ਲੱਗੀ ਅਤੇ ਆਰ-ਪਾਰ ਹੋ ਗਈ।
ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਵਾਲਿਆਂ ਨੇ ਜ਼ਖ਼ਮੀ ਏ.ਐੱਸ.ਆਈ. ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਉਨ੍ਹਾਂ ਨੇ ਸਾਲ 2019 ‘ਚ ਹੋਏ ਆਪਣੇ ਭਰਾ ਦੇ ਕਤਲ ਦਾ ਜ਼ਿਕਰ ਕਰਦਿਆਂ ਆਪਣੀ ਭਾਬੀ ‘ਤੇ ਹਮਲਾ ਕਰਵਾਉਣ ਦਾ ਸ਼ੱਕ ਜਤਾਇਆ ਹੈ। ਹਾਲਾਂਕਿ, ਹਮਲੇ ਦੀ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ ਹੈ। ਪੁਲਿਸ ਨੇ 3 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਸੁਖਚੈਨ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਜੀ.ਆਰ.ਪੀ. ‘ਚ ਤਾਇਨਾਤ ਹਨ। ਐਤਵਾਰ ਸ਼ਾਮ ਨੂੰ ਡਿਊਟੀ ਖ਼ਤਮ ਕਰਨ ਤੋਂ ਬਾਅਦ ਉਹ ਬਾਈਕ ‘ਤੇ ਘਰ ਪਰਤ ਰਹੇ ਸਨ। ਸ਼ਾਮ ਕਰੀਬ ਸਵਾ 7 ਵਜੇ ਜਦੋਂ ਉਹ ਪਿੰਡ ਜਗਦੇਵ ਖੁਰਦ ਨੇੜੇ ਇੱਕ ਪੁਲੀ ‘ਤੇ ਪਹੁੰਚੇ ਤਾਂ ਬਾਈਕ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਇਸ ਤੋਂ ਪਹਿਲਾਂ ਕਿ ਸੁਖਚੈਨ ਸਿੰਘ ਕੁਝ ਸਮਝ ਪਾਉਂਦੇ, ਨੌਜਵਾਨਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਉਨ੍ਹਾਂ ਦੀ ਖੱਬੀ ਬਾਂਹ ‘ਚ ਲੱਗੀ ਅਤੇ ਆਰ-ਪਾਰ ਹੋ ਗਈ। ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਕੇ ਡਿੱਗ ਪਏ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਅਤੇ ਸੁਖਚੈਨ ਸਿੰਘ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਘਟਨਾ ਦੇ ਸਮੇਂ ਉਨ੍ਹਾਂ ਨੇ ਪੁਲਿਸ ਦੀ ਵਰਦੀ ਵੀ ਨਹੀਂ ਪਾਈ ਹੋਈ ਸੀ ਅਤੇ ਉਹ ਟੀ-ਸ਼ਰਟ ‘ਚ ਘਰ ਪਰਤ ਰਹੇ ਸਨ।
ਸੁਖਚੈਨ ਸਿੰਘ ਨੇ ਦੱਸਿਆ ਕਿ ਸਾਲ 2019 ‘ਚ ਉਨ੍ਹਾਂ ਦੇ ਭਰਾ ਦਾ ਕਤਲ ਹੋਇਆ ਸੀ। ਹੁਣ ਉਨ੍ਹਾਂ ‘ਤੇ ਹੋਏ ਹਮਲੇ ਦੇ ਪਿੱਛੇ ਉਨ੍ਹਾਂ ਨੇ ਆਪਣੀ ਭਾਬੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ। ਹਾਲਾਂਕਿ, ਹਮਲੇ ਦੀ ਅਸਲ ਵਜ੍ਹਾ ਅਜੇ ਸਪੱਸ਼ਟ ਨਹੀਂ ਹੋਈ ਹੈ। ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉੱਚ ਅਧਿਕਾਰੀ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਏ.ਐੱਸ.ਆਈ. ਦਾ ਹਾਲ-ਚਾਲ ਜਾਣਿਆ। ਡੀ.ਐੱਸ.ਪੀ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਕਰ ਰਹੀ ਹੈ।










