PU ਵਿੱਚ ਵਾਹਨ-ਮੁਕਤ ਦਿਵਸ !

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਅਤੇ ਈਂਧਨ ਦੀ ਬਚਤ ਦੇ ਉਦੇਸ਼ ਨਾਲ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ‘ਸੇਵ ਪੀਯੂ ਕੈਂਪੇਨ’ ਤਹਿਤ ਹੁਣ ਹਰ ਬੁੱਧਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ‘ਵਾਹਨ-ਮੁਕਤ ਦਿਵਸ’ ਮਨਾਇਆ ਜਾਵੇਗਾ। ਇਸ ਦਿਨ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਨਿੱਜੀ ਵਾਹਨਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਬੰਧ ਨੂੰ ਸੁਚਾਰੂ ਬਣਾਈ ਰੱਖਣ ਲਈ ਪੂਰੇ ਦਿਨ ਮੁਫ਼ਤ ਸ਼ਟਲ ਬੱਸ ਸੇਵਾ ਉਪਲਬਧ ਰਹੇਗੀ, ਜਦਕਿ ਈ-ਰਿਕਸ਼ੇ ਰਿਆਇਤੀ ਦਰਾਂ ‘ਤੇ ਕੈਂਪਸ ਵਿੱਚ ਚਲਾਏ ਜਾਣਗੇ। ਪੀਯੂ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਦੱਸਿਆ ਕਿ ਇਸ ਸਬੰਧੀ ਯੂਨੀਵਰਸਿਟੀ ਦੇ ਵੈੱਬ ਪੋਰਟਲ ‘ਤੇ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਪਹਿਲਾਂ ਤੋਂ ਚੱਲ ਰਹੇ ਈ-ਰਿਕਸ਼ਾ ਚਾਲਕਾਂ ਨੂੰ ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਤੌਰ ‘ਤੇ ਨਿਯਮਿਤ ਸੇਵਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਆਉਣ-ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਪੰਜਾਬ ਯੂਨੀਵਰਸਿਟੀ ਦਾ ਸੈਕਟਰ-14 ਅਤੇ ਸੈਕਟਰ-25 ਵਿੱਚ ਸਥਿਤ ਕੈਂਪਸ ਕਰੀਬ 550 ਏਕੜ ਵਿੱਚ ਫੈਲਿਆ ਹੋਇਆ ਹੈ। ਅਜਿਹੇ ਵਿੱਚ ਪੂਰੇ ਕੈਂਪਸ ਵਿੱਚ ਪੈਦਲ ਆਉਣਾ-ਜਾਣਾ ਆਸਾਨ ਨਹੀਂ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਸ਼ਟਲ ਬੱਸ ਅਤੇ ਈ-ਰਿਕਸ਼ਾ ਦੀ ਵਿਵਸਥਾ ਕੀਤੀ ਹੈ। ਇਸ ਦੇ ਨਾਲ ਹੀ ਹੋਸਟਲਾਂ ਦੇ ਬਾਹਰ ਸਾਈਕਲਾਂ ਉਪਲਬਧ ਕਰਵਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ। ਹਾਲਾਂਕਿ, ਪਹਿਲਾਂ ਖਰੀਦੀਆਂ ਗਈਆਂ ਜ਼ਿਆਦਾਤਰ ਸਾਈਕਲਾਂ ਦੇਖਭਾਲ ਦੀ ਕਮੀ ਕਾਰਨ ਹੁਣ ਵਰਤੋਂਯੋਗ ਨਹੀਂ ਰਹੀਆਂ। ਟ੍ਰੈਫਿਕ ਅਤੇ ਈਂਧਨ ਦੀ ਖਪਤ ਘਟਾਉਣ ਲਈ ਯੂਨੀਵਰਸਿਟੀ ਨੇ ਕਈ ਪ੍ਰਸ਼ਾਸਕੀ ਗਤੀਵਿਧੀਆਂ ਨੂੰ ਵੀ ਆਨਲਾਈਨ ਕਰਨ ਦਾ ਫ਼ੈਸਲਾ ਲਿਆ ਹੈ। ਰੀਜਨਲ ਸੈਂਟਰਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਤੋਂ ਇਲਾਵਾ ਵਿਦਿਆਰਥੀਆਂ ਦੀ ਕਾਊਂਸਲਿੰਗ ਵੀ ਆਨਲਾਈਨ ਕਰਵਾਈ ਜਾਵੇਗੀ, ਤਾਂ ਜੋ ਬਾਹਰੀ ਆਵਾਜਾਈ ਘੱਟ ਹੋਵੇ ਅਤੇ ਬੇਲੋੜੇ ਈਂਧਨ ਦੀ ਬਚਤ ਕੀਤੀ ਜਾ ਸਕੇ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਹਰ ਬੁੱਧਵਾਰ ਨਿੱਜੀ ਵਾਹਨ ਨਾ ਲਿਆਉਣ ਅਤੇ ਕਾਰਪੂਲਿੰਗ ਅਪਣਾਉਣ ਦੀ ਅਪੀਲ ਕੀਤੀ ਹੈ। ਨਵੇਂ ਨਿਯਮਾਂ ਤਹਿਤ ਨਿੱਜੀ ਵਾਹਨਾਂ ਨੂੰ ਸਿਰਫ਼ ਨਿਰਧਾਰਤ ਪਾਰਕਿੰਗ ਤੱਕ ਹੀ ਆਗਿਆ ਦਿੱਤੀ ਜਾਵੇਗੀ। ਵਿਭਾਗਾਂ ਅਤੇ ਪ੍ਰਸ਼ਾਸਕੀ ਇਮਾਰਤਾਂ ਤੱਕ ਜਾਣ ਲਈ ਸ਼ਟਲ ਬੱਸ ਜਾਂ ਈ-ਰਿਕਸ਼ੇ ਦੀ ਵਰਤੋਂ ਕਰਨੀ ਹੋਵੇਗੀ। ਜੇਕਰ ਕਿਸੇ ਕੋਲ ਵਿਕਲਪਕ ਆਵਾਜਾਈ ਦੀ ਸਹੂਲਤ ਉਪਲਬਧ ਹੋਵੇਗੀ ਤਾਂ ਉਸ ਨੂੰ ਕੈਂਪਸ ਦੇ ਅੰਦਰ ਵਾਹਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Exit mobile version