ਬਟਾਲਾ ‘ਚ ENCOUNTER… ਮੁਲਜ਼ਮ ਹੋਇਆ ਜ਼ਖ਼ਮੀ

ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਪੁਲਿਸ ਨੇ ਫਿਰੌਤੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਵਾਂਟੇਡ ਬਦਮਾਸ਼ ਮਲਕੀਤ ਸਿੰਘ ਉਰਫ਼ ਬਿੱਲਾ ਚਿੱਜੜ (28) ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਪੁਲਿਸ ਮੁਲਜ਼ਮ ਮਲਕੀਤ ਸਿੰਘ ਨੂੰ ਉਸ ਦੇ ਵੱਲੋਂ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਅਲੀਵਾਲ ਇਲਾਕੇ ਵਿੱਚ ਨਹਿਰ ਕਿਨਾਰੇ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਮੌਕੇ ‘ਤੇ ਛੁਪਾ ਕੇ ਰੱਖੀ ਪਿਸਤੌਲ ਨਾਲ ਅਚਾਨਕ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ।ਮਲਕੀਤ ਸਿੰਘ ਉਰਫ਼ ਬਿੱਲਾ ਚਿੱਜੜ ਬਟਾਲਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹੋਈਆਂ ਕਈ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਵਾਂਟੇਡ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਫੈਸ਼ਨ ਲੰਡਨ ਗਾਰਮੈਂਟਸ, ਇੱਕ ਕਾਰ ਡੀਲਰ ਨਾਲ ਸੰਬੰਧਤ ਅਦਾਰੇ ਅਤੇ ਰਾਈਫਲ ਰੈਸਟੋਰੈਂਟ ਸਮੇਤ ਕਈ ਥਾਵਾਂ ‘ਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾਈ ਸੀ। ਉਸ ‘ਤੇ ਫਿਰੌਤੀ ਮੰਗਣ ਦੇ ਵੀ ਇਲਜ਼ਾਮ ਹਨ।ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ (ਪੀਬੀਆਈ) ਰਮਨਿੰਦਰ ਸਿੰਘ, ਡੀਐੱਸਪੀ ਸਿਟੀ ਸੁਖਇੰਦਰ ਸਿੰਘ, ਡੀਐੱਸਪੀ ਲਲਿਤ ਕੁਮਾਰ, ਥਾਣਾ ਸਿਵਲ ਲਾਈਨ ਦੇ ਐੱਸਐੱਚਓ ਗੁਰਮੀਤ ਸਿੰਘ ਅਤੇ ਥਾਣਾ ਘਣੀਏ ਕੇ ਬਾਂਗਰ ਦੇ ਐੱਸਐੱਚਓ ਲਖਬੀਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।

ਪੁਲਿਸ ਨੇ ਘਟਨਾ ਸਥਲ ਦਾ ਨਿਰੀਖਣ ਕੀਤਾ, ਜਦਕਿ ਫੋਰੈਂਸਿਕ ਟੀਮ ਨੇ ਵੀ ਸਬੂਤ ਇਕੱਠੇ ਕੀਤੇ ਹਨ। ਪੁਲਿਸ ਸੂਤਰਾਂ ਦੇ ਅਨੁਸਾਰ, ਮਲਕੀਤ ਸਿੰਘ ਉਰਫ਼ ਬਿੱਲਾ ਚਿੱਜੜ ਖ਼ਿਲਾਫ਼ ਪਹਿਲਾਂ ਹੀ 12 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਫਾਇਰਿੰਗ, ਧਮਕੀ ਅਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਪੁਲਿਸ ਉਸ ਦੇ ਹੋਰ ਸਾਥੀਆਂ ਅਤੇ ਅਪਰਾਧਿਕ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।

Exit mobile version