ਪੰਜਾਬ ਚ ਮੌਸਮ ਨੇ ਕਰਵਟ ਲੈ ਲਈ ਹੈ । ਪਠਾਨਕੋਟ ਵਿੱਚ ਮੰਗਲਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਹਨ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ 30 ਜੂਨ ਤੋਂ 4 ਜੁਲਾਈ ਤੱਕ ਚੰਡੀਗੜ੍ਹ ਅਤੇ ਪੰਜਾਬ ਵਿੱਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਇਸ ਦੌਰਾਨ ਗਰਜ-ਚਮਕ ਨਾਲ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਬਣੀ ਰਹੇਗੀ। ਹਾਲਾਂਕਿ, 1 ਜੁਲਾਈ ਤੋਂ ਬਾਅਦ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਨਾਲ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ ਘਟੇਗਾ ਅਤੇ ਇਹ 40 ਡਿਗਰੀ ਤੋਂ ਘਟ ਕੇ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਅਤੇ ਉਮਸ ਲਗਾਤਾਰ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਜ਼ਰੂਰ ਚੱਲੀਆਂ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਸਕੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਦਿਨ ਦੇ ਸਮੇਂ ਲੂ ਵਰਗੇ ਹਾਲਾਤ ਬਣੇ ਰਹੇ, ਜਦਕਿ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਈ ਥਾਵਾਂ ‘ਤੇ ‘ਵਾਰਮ ਨਾਈਟ’ ਦੀ ਸਥਿਤੀ ਦਰਜ ਕੀਤੀ ਹੈ, ਜਿਸ ਕਾਰਨ ਲੋਕਾਂ ਨੂੰ ਰਾਤ ਵੇਲੇ ਵੀ ਉਮਸ ਅਤੇ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਪੰਜਾਬ ਦਾ ਸਭ ਤੋਂ ਗਰਮ ਇਲਾਕਾ ਬਠਿੰਡਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.4°C ਦਰਜ ਕੀਤਾ ਗਿਆ।

ਟ੍ਰਾਈਸਿਟੀ ਵਿੱਚ ਗਰਮੀ ਦੇ ਨਾਲ ਉਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39.6°C ਦਰਜ ਕੀਤਾ ਗਿਆ, ਜੋ ਆਮ ਨਾਲੋਂ 3.3°C ਵੱਧ ਰਿਹਾ। ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 30.3°C ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 3.7°C ਜ਼ਿਆਦਾ ਹੈ। ਇਸ ਕਾਰਨ ਰਾਤ ਦੇ ਸਮੇਂ ਵੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜੁਲਾਈ ਦੀ ਸ਼ੁਰੂਆਤ ਨਾਲ ਹੀ ਮੌਸਮ ਵਿੱਚ ਬਦਲਾਅ ਆਵੇਗਾ। ਮੌਸਮ ਵਿਭਾਗ ਨੇ 1 ਜੁਲਾਈ ਲਈ ਆੰਧੀ-ਤੂਫ਼ਾਨ ਅਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 2, 3 ਅਤੇ 4 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਗਰਜ-ਚਮਕ ਅਤੇ ਬਿਜਲੀ ਕੜਕਣ ਦੀ ਸੰਭਾਵਨਾ ਰਹੇਗੀ। 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।