ਪਠਾਨਕੋਟ-ਗੁਰਦਾਸਪੁਰ ਵਿੱਚ ਮੀਂਹ, ਪੂਰੇ ਪੰਜਾਬ ਵਿੱਚ ਅਲਰਟ !

ਪੰਜਾਬ ਦੇ ਪਠਾਨਕੋਟ ਵਿੱਚ ਤੇਜ਼ ਮੀਂਹ ਪਿਆ, ਜਦਕਿ ਗੁਰਦਾਸਪੁਰ ਵਿੱਚ ਹਲਕੀ ਬਾਰਿਸ਼ ਹੋਈ। ਪਠਾਨਕੋਟ ਵਿੱਚ ਇਸ ਕਾਰਨ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਕਈ ਬੱਚੇ ਸਵੇਰ ਤੋਂ ਸਕੂਲ ਨਹੀਂ ਪਹੁੰਚ ਸਕੇ। ਉੱਥੇ ਹੀ ਮੋਹਾਲੀ ਅਤੇ ਜਲੰਧਰ ਵਿੱਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ ਮੁਕੇਰੀਆਂ, ਗੁਰਦਾਸਪੁਰ, ਹੁਸ਼ਿਆਰਪੁਰ, ਦਸੂਹਾ, ਪਠਾਨਕੋਟ ਅਤੇ ਧਾਰ ਕਲਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਯੈਲੋ ਅਲਰਟ ਜਾਰੀ ਹੈ। ਅਗਲੇ 2-3 ਦਿਨਾਂ ਵਿੱਚ ਮਾਨਸੂਨ ਆਉਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਟਰਾਈਸਿਟੀ ਵਿੱਚ ਦੁਪਹਿਰ 12 ਵਜੇ ਤੱਕ ਮੀਂਹ ਦਾ ਅਲਰਟ ਹੈ। ਉੱਥੇ ਹੀ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਦਾ ਔਸਤ ਤਾਪਮਾਨ ਹਾਲੇ ਵੀ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਮੰਗਲਵਾਰ ਨੂੰ ਫਰੀਦਕੋਟ ਸੂਬੇ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮਾਨਸੂਨ ਨੇ 30 ਜੂਨ ਨੂੰ ਮੱਧ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਛੱਤੀਸਗੜ੍ਹ, ਝਾਰਖੰਡ ਅਤੇ ਬਿਹਾਰ ਦੇ ਬਾਕੀ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ, ਉੱਤਰਾਖੰਡ ਦੇ ਜ਼ਿਆਦਾਤਰ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਤ ਦਰਜ ਕੀਤੀ ਹੈ। ਅਗਲੇ 2-3 ਦਿਨਾਂ ਦੌਰਾਨ ਦੱਖਣ-ਪੱਛਮੀ ਮਾਨਸੂਨ ਦੇ ਉੱਤਰੀ ਅਰਬ ਸਾਗਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੂਰੇ ਦਮਣ ਅਤੇ ਦੀਵ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਲੱਦਾਖ, ਜੰਮੂ-ਕਸ਼ਮੀਰ ਅਤੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 2 ਤੋਂ 4 ਜੁਲਾਈ ਅਤੇ 6 ਜੁਲਾਈ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਚੰਡੀਗੜ੍ਹ ਵਿੱਚ 2 ਤੋਂ 6 ਜੁਲਾਈ ਦੌਰਾਨ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Exit mobile version