ਜਲੰਧਰ ਵਿੱਚ ਲੁਧਿਆਣਾ ਦੇ ਵਿਅਕਤੀ ਦਾ ਕਤਲ !

ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਹੈ। ਘਟਨਾ ਸ਼ਨੀਵਾਰ ਦੇਰ ਸ਼ਾਮ ਦੀ ਹੈ। ਖੇਤਾਂ ਵਿੱਚੋਂ ਮਿਲੀ ਲਾਸ਼ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗੀ (60) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਜੱਗੀ ਦੋਰਾਹਾ ਦੇ ਪਿੰਡ ਕੱਦੋਂ ਦਾ ਰਹਿਣ ਵਾਲਾ ਸੀ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਉਸ ਦੀ ਕਾਰ ਵੀ ਮਿਲੀ ਹੈ।

ਲਾਸ਼ ਨੂੰ ਇੱਟਾਂ ਅਤੇ ਹਥਿਆਰਾਂ ਨਾਲ ਕੁਚਲਿਆ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਦੋਸਤ ਦਿਲਬਾਗ ਸਿੰਘ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਜਗਜੀਤ ਸਿੰਘ ਦਾ ਕਰੀਬ 20 ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ। ਉਨ੍ਹਾਂ ਦੇ 2 ਬੇਟੇ ਅਤੇ 1 ਬੇਟੀ ਆਪਣੀ ਮਾਂ ਨਾਲ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਜਗਜੀਤ ਦੋਰਾਹਾ ਵਿੱਚ ਇਕੱਲਾ ਰਹਿ ਰਿਹਾ ਸੀ ਅਤੇ ਉਸ ਦਾ ਰਿਸ਼ਤੇਦਾਰਾਂ ਨਾਲ ਵੀ ਕੋਈ ਸੰਪਰਕ ਨਹੀਂ ਸੀ।

ਪਛਾਣ ਛੁਪਾਉਣ ਲਈ ਚਿਹਰੇ ਨੂੰ ਕੀਤਾ ਖ਼ਰਾਬ

ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਸਥਿਤੀ ਨੂੰ ਦੇਖਦੇ ਹੋਏ ਖ਼ਦਸ਼ਾ ਹੈ ਕਿ ਹਮਲਾਵਰਾਂ ਨੇ ਮ੍ਰਿਤਕ ਦੀ ਪਛਾਣ ਛੁਪਾਉਣ ਦੇ ਇਰਾਦੇ ਨਾਲ ਉਸ ਦੇ ਚਿਹਰੇ ‘ਤੇ ਇੱਟਾਂ ਅਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਸਨ। ਡੀ.ਐੱਸ.ਪੀ. ਰਾਜੀਵ ਨੇ ਦੱਸਿਆ ਕਿ ਪੁਲਿਸ ਟੀਮ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਰੂਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।

 

Exit mobile version