ਇੰਗਲੈਂਡ ‘ਚ ਪੰਜਾਬੀ ਕੁੜੀ ਦਾ ਕਤਲ, ਪੇਟ ‘ਤੇ ਕੀਤੇ 5 ਵਾਰ !
ਪੰਜਾਬ ਦੇ ਤਰਨਤਾਰਨ ਦੀ ਇੱਕ ਮੁਟਿਆਰ ਦਾ ਇੰਗਲੈਂਡ ਵਿੱਚ ਕਤਲ ਕਰ ਦਿੱਤਾ ਗਿਆ। ਉਸ ਦੇ ਪੇਟ ਵਿੱਚ 5 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਮੁਟਿਆਰ ਕਰੀਬ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਉੱਚ ਸਿੱਖਿਆ ਲਈ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਹੀ ਰਹਿ ਕੇ ਨੌਕਰੀ ਕਰ ਰਹੀ ਸੀ।ਮੁਟਿਆਰ ਦੇ ਕਤਲ ਤੋਂ ਬਾਅਦ ਮੁਲਜ਼ਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹੱਥ ਵਿੱਚ ਚਾਕੂ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਘਰ ਦੇ ਮੁੱਖ ਗੇਟ ‘ਤੇ ਲੱਗੇ ਕੈਮਰੇ ਵਿੱਚ ਕੈਦ ਹੋਈ ਹੈ।ਧੀ ਦਾ ਭਵਿੱਖ ਸੰਵਾਰਨ ਲਈ ਮਾਪਿਆਂ ਨੇ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ, ਤਾਂ ਜੋ ਉਸ ਨੂੰ ਇੰਗਲੈਂਡ ਭੇਜ ਸਕਣ। ਪਰਿਵਾਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿੱਚ ਚੰਗੀ ਪੜ੍ਹਾਈ ਕਰਕੇ ਵਧੀਆ ਨੌਕਰੀ ਹਾਸਲ ਕਰੇਗੀ।ਇਸ ਘਟਨਾ ਕਾਰਨ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੂਜੇ ਪਾਸੇ, ਬ੍ਰਿਟਿਸ਼ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਜ਼ਮੀਨ ਵੇਚ ਕੇ ਧੀ ਨੂੰ ਪੜ੍ਹਨ ਲਈ ਇੰਗਲੈਂਡ ਭੇਜਿਆ ਸੀ
ਮੁਟਿਆਰ ਦੀ ਪਛਾਣ ਕਿਰਨਦੀਪ ਕੌਰ ਵਜੋਂ ਹੋਈ ਹੈ। ਉਹ ਕਰੀਬ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਉੱਚ ਸਿੱਖਿਆ ਲਈ ਇੰਗਲੈਂਡ ਗਈ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਉੱਥੇ ਨੌਕਰੀ ਕਰ ਰਹੀ ਸੀ। ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਧੀ ਦਾ ਭਵਿੱਖ ਸੰਵਾਰਨ ਲਈ ਪਰਿਵਾਰ ਨੇ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ।
ਕਮਰੇ ਵਿੱਚ ਸੁੱਤੀ ਪਈ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਪਰਿਵਾਰਕ ਮੈਂਬਰਾਂ ਮੁਤਾਬਕ, ਐਤਵਾਰ ਸਵੇਰੇ ਕਿਰਨਦੀਪ ਆਪਣੇ ਕਮਰੇ ਵਿੱਚ ਸੁੱਤੀ ਹੋਈ ਸੀ। ਇਸੇ ਦੌਰਾਨ ਇੱਕ ਅਣਪਛਾਤਾ ਹਮਲਾਵਰ ਕਥਿਤ ਤੌਰ ‘ਤੇ ਕਮਰੇ ਵਿੱਚ ਵੜਿਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਤਾਬੜਤੋੜ ਹਮਲੇ ਕਰ ਦਿੱਤੇ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਕਤਲ ਦੇ ਕਾਰਨ ਸਾਫ਼ ਨਹੀਂ ਹੋ ਸਕੇ ਹਨ। ਕਿਰਨਦੀਪ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ।
ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ
ਪਿਤਾ ਸੁਖਦੇਵ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਉਸ ਦਾ ਅੰਤਿਮ ਸਸਕਾਰ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਪਰਿਵਾਰ ਨੇ ਇਸ ਸਬੰਧੀ ਪ੍ਰਸ਼ਾਸਨ ਤੋਂ ਵੀ ਮਦਦ ਦੀ ਮੰਗ ਕੀਤੀ ਹੈ।
ਮੁਲਜ਼ਮ ਦੀ ਗ੍ਰਿਫ਼ਤਾਰੀ ਦਾ ਇੰਤਜ਼ਾਰ
ਬ੍ਰਿਟੇਨ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਹਮਲਾਵਰ ਦੀ ਭਾਲ ਵਿੱਚ ਜੁਟੀ ਹੋਈ ਹੈ। ਉੱਥੇ ਹੀ, ਪਿੰਡ ਦੇ ਲੋਕਾਂ ਨੇ ਵੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।