ਅੰਮ੍ਰਿਤਸਰ ‘ਚ ISI ਦਾ ਅੱਤਵਾਦੀ ਮਾਡਿਊਲ ਤਬਾਹ!

ਅੰਮ੍ਰਿਤਸਰ ‘ਚ ISI ਦਾ ਅੱਤਵਾਦੀ ਮਾਡਿਊਲ ਤਬਾਹ!

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. (ISI) ਨਾਲ ਜੁੜੇ ਇੱਕ ਕਥਿਤ ਅੱਤਵਾਦੀ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 24 ਸਾਲਾ ਮੁਲਜ਼ਮ ਸੁਮਿਤ ਕੁਮਾਰ ਉਰਫ਼ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰੇਨੇਡ, ਅਤਿ-ਆਧੁਨਿਕ 9 ਐਮ.ਐਮ. ਗਲੌਕ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ, ਮੁਲਜ਼ਮ ਮੂਲ ਰੂਪ ਵਿੱਚ ਰੂਪਨਗਰ (ਰੋਪੜ) ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਕੱਪੜਾ ਫੈਕਟਰੀ ਵਿੱਚ ਕਰਦਾ ਸੀ ਕੰਮ
ਸਾਲ 2023 ਵਿੱਚ ਐਨ.ਡੀ.ਪੀ.ਐਸ. (NDPS) ਐਕਟ ਦੇ ਇੱਕ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ, ਉਹ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਦੇ ਪਿੰਡ ਪੰਡੋਰੀ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਲੱਗ ਪਿਆ ਸੀ ਅਤੇ ਇੱਕ ਕੱਪੜਾ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਆਈ.ਐਸ.ਆਈ. ਹੈਂਡਲਰਾਂ ਨੇ ਉਸ ਨਾਲ ਸੰਪਰਕ ਕੀਤਾ ਅਤੇ ਪੈਸਿਆਂ ਤੇ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕੀਤਾ।

ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਮੁਲਜ਼ਮ
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੂੰ ਪੁਲਿਸ ਇਮਾਰਤਾਂ ‘ਤੇ ਗ੍ਰੇਨੇਡ ਹਮਲਾ ਕਰਨ, ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨ ਅਤੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ, ਪਰ ਸਮਾਂ ਰਹਿੰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਤੋਂ ਬਚਣ ਦੇ ਤਰੀਕਿਆਂ ਨਾਲ ਜੁੜੇ ਵੀਡੀਓ ਮਿਲੇ
ਜਾਂਚ ਦੌਰਾਨ ਮੁਲਜ਼ਮ ਦੇ ਮੋਬਾਈਲ ਫ਼ੋਨ ਤੋਂ ਕਈ ਅਹਿਮ ਡਿਜੀਟਲ ਸਬੂਤ ਵੀ ਮਿਲੇ ਹਨ। ਇਨ੍ਹਾਂ ਵਿੱਚ ਹਥਿਆਰਾਂ ਦੀ ਵਰਤੋਂ, ਗ੍ਰੇਨੇਡ ਚਲਾਉਣ, ਰੇਕੀ ਕਰਨ, ਹਥਿਆਰ ਛੁਪਾਉਣ ਅਤੇ ਪੁਲਿਸ ਤੋਂ ਬਚਣ ਦੇ ਤਰੀਕਿਆਂ ਨਾਲ ਜੁੜੇ ਵੀਡੀਓ ਅਤੇ ਨਿਰਦੇਸ਼ ਸ਼ਾਮਲ ਹਨ। ਪੁਲਿਸ ਇਸ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਅਤੇ ਵਿਦੇਸ਼ੀ ਹੈਂਡਲਰਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।

ਲਾਲਚ ਜਾਂ ਬਹਿਕਾਵੇ ਵਿੱਚ ਨਾ ਆਉਣ ਨੌਜਵਾਨ: ਪੁਲਿਸ ਕਮਿਸ਼ਨਰ
ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਾਲਚ ਜਾਂ ਬਹਿਕਾਵੇ ਵਿੱਚ ਨਾ ਆਉਣ ਅਤੇ ਜੇਕਰ ਕੋਈ ਸ਼ੱਕੀ ਗਤੀਵਿਧੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਪ੍ਰਾਯੋਜਿਤ ਅੱਤਵਾਦ ਖ਼ਿਲਾਫ਼ ਉਸ ਦੀ ਕਾਰਵਾਈ ਅੱਗੇ ਵੀ ਪੂਰੀ ਮਜ਼ਬੂਤੀ ਅਤੇ ਚੌਕਸੀ ਨਾਲ ਜਾਰੀ ਰਹੇਗੀ।

Exit mobile version