ਅੰਮ੍ਰਿਤਸਰ ‘ਚ ਵੱਖ – ਵੱਖ ਥਾਵਾਂ ‘ਤੇ ਫਲੈਗ ਮਾਰਚ
ਅੰਮ੍ਰਿਤਸਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਦੇ ਤਿੰਨਾਂ ਡਿਵੀਜ਼ਨਾਂ ਵਿੱਚ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਉਦੇਸ਼ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣਾ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸੀ।
ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਤੈਨਾਤ
ਫਲੈਗ ਮਾਰਚ ਦੀ ਅਗਵਾਈ ਡੀਸੀਪੀ ਇਨਵੈਸਟੀਗੇਸ਼ਨ ਸ੍ਰੀ ਰਵਿੰਦਰ ਪਾਲ ਸਿੰਘ ਨੇ ਕੀਤੀ। ਇਸ ਦੌਰਾਨ ADCP, ACP, ਵੱਖ-ਵੱਖ ਥਾਣਿਆਂ ਦੇ ਮੁਖੀਆਂ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ। ਪੁਲਿਸ ਦਾ ਇਹ ਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ ਤੋਂ ਲੰਘਿਆ, ਜਿਸ ਨਾਲ ਲੋਕਾਂ ਵਿੱਚ ਸੁਰੱਖਿਆ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ।
ਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨੂੰ ਹਰ ਹਾਲ ਵਿੱਚ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ-ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ, ਸੋਸ਼ਲ ਮੀਡੀਆ ‘ਤੇ ਕਿਸੇ ਵੀ ਅਪ੍ਰਮਾਣਿਤ ਜਾਣਕਾਰੀ ਨੂੰ ਸਾਂਝਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਵਸਤੂ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਵਿੱਚ ਅਮਨ, ਭਾਈਚਾਰਕ ਸਾਂਝ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਫਲੈਗ ਮਾਰਚ, ਵਿਸ਼ੇਸ਼ ਨਾਕਾਬੰਦੀ, ਵਾਹਨਾਂ ਦੀ ਚੈਕਿੰਗ, ਨਿਯਮਤ ਪੈਟਰੋਲਿੰਗ ਅਤੇ ਸਰਚ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਹਰ ਨਾਗਰਿਕ ਦੀ ਸੁਰੱਖਿਆ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਮੰਨਦੀ ਹੈ ਅਤੇ 24 ਘੰਟੇ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣ ਲਈ ਮੁਸਤੈਦ ਹੈ।