ਮੋਹਾਲੀ ‘ਚ ਨਜਾਇਜ਼ ਹਥਿਆਰਾਂ ਵਿਰੁੱਧ ਪੁਲਿਸ ਦਾ ਵੱਡਾ ਐਕਸ਼ਨ
ਐੱਸ.ਏ.ਐੱਸ. ਨਗਰ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਓਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਨੇ ਇੱਕ ਨਿਸ਼ਾਨੇਬਾਜ਼ੀ ਨਾਲ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐੱਸ.ਐੱਸ.ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ, ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਓਪਰੇਸ਼ਨ ਸੈੱਲ ਦੀ ਟੀਮ ਨੇ 1 ਨਜਾਇਜ਼ ਹਥਿਆਰ .32 ਬੋਰ, 1 ਜ਼ਿੰਦਾ ਕਾਰਤੂਸ ਅਤੇ ਗੱਡੀ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਜਾਣਕਾਰੀ ਮੁਤਾਬਕ 27 ਸਤੰਬਰ ਨੂੰ ਓਪਰੇਸ਼ਨ ਸੈੱਲ ਦੇ ਏ.ਐੱਸ.ਆਈ. ਕਮਲਪ੍ਰੀਤ ਸ਼ਰਮਾ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ 29 ਸਾਲਾ ਸੰਜੇ, ਜੋ ਕਿ ਨਜਾਇਜ਼ ਹਥਿਆਰ ਸਮੇਤ ਏਅਰਪੋਰਟ ਚੌਂਕ ਐਰੋਸਿਟੀ ਨੇੜੇ ਆਪਣੀ ਚਿੱਟੇ ਰੰਗ ਦੀ ਸਵਿਫ਼ਟ ਡਿਜ਼ਾਇਰ ਗੱਡੀ (HR26-ET-8337) ਵਿੱਚ ਬੈਠ ਕੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ।
ਇਤਲਾਹ ਦੇ ਆਧਾਰ ‘ਤੇ ਥਾਣਾ ਆਈ.ਟੀ. ਸਿਟੀ ਵਿੱਚ Arms Act ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਮੌਕੇ ‘ਤੇ ਛਾਪੇਮਾਰੀ ਕਰਦਿਆਂ ਮੁਲਜ਼ਮ ਸੰਜੇ ਨੂੰ ਗੱਡੀ ਸਮੇਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਪਾਸੋਂ .32 ਬੋਰ ਦਾ ਨਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਪੁਲਿਸ ਮੁਤਾਬਕ ਫੜਿਆ ਗਿਆ ਮੁਲਜ਼ਮ 12ਵੀਂ ਪਾਸ ਹੈ ਅਤੇ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਉਣ ‘ਚ ਜੁਟੀ ਹੈ ਕਿ ਇਹ ਹਥਿਆਰ ਕਿਸ ਕੋਲੋਂ ਅਤੇ ਕਿਸ ਮਕਸਦ ਲਈ ਲਿਆਂਦਾ ਗਿਆ ਸੀ










