BREAKING

MohaliPunjab

SSP ਮੋਹਾਲੀ ਦੇ ਹੁਕਮ, ਕਿਰਾਏਦਾਰਾਂ ਦੀ ਵੈਰੀਫ਼ਿਕੇਸ਼ਨ ਲਾਜ਼ਮੀ

SSP ਮੋਹਾਲੀ ਦੇ ਹੁਕਮ, ਕਿਰਾਏਦਾਰਾਂ ਦੀ ਵੈਰੀਫ਼ਿਕੇਸ਼ਨ ਲਾਜ਼ਮੀ

ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸ਼ੱਕੀ ਗਤੀਵਿਧੀਆਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰ ਰੱਖਣ ਲਈ ਮੋਹਾਲੀ ਪੁਲਿਸ ਨੇ ਮਕਾਨ ਮਾਲਕਾਂ ਅਤੇ ਪੀ.ਜੀ. (PG) ਸੰਚਾਲਕਾਂ ਨੂੰ ਕਿਰਾਏਦਾਰਾਂ ਦੀ ਵੈਰੀਫ਼ਿਕੇਸ਼ਨ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਐੱਸ.ਐੱਸ.ਪੀ. ਮੋਹਾਲੀ ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਕਿਰਾਏ ‘ਤੇ ਮਕਾਨ, ਕਮਰਾ ਜਾਂ ਪੀ.ਜੀ. ਦੇਣ ਤੋਂ ਪਹਿਲਾਂ ਉਸ ਦੀ ਪੂਰੀ ਪਛਾਣ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਪੁਲਿਸ ਵੈਰੀਫ਼ਿਕੇਸ਼ਨ ਕਰਵਾਉਣਾ ਬੇਹੱਦ ਜ਼ਰੂਰੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਕਿਰਾਏਦਾਰ ਦੀ ਵੈਰੀਫ਼ਿਕੇਸ਼ਨ ਸਿਰਫ਼ ਪੁਲਿਸ ਦੀ ਰਸਮੀ ਕਾਰਵਾਈ ਨਹੀਂ, ਬਲਕਿ ਮਕਾਨ ਮਾਲਕ ਅਤੇ ਪੀ.ਜੀ. ਸੰਚਾਲਕ ਦੀ ਸਮਾਜਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਵੈਰੀਫ਼ਿਕੇਸ਼ਨ ਨਾਲ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿੱਚ ਪੁਲਿਸ ਨੂੰ ਮਦਦ ਮਿਲ ਸਕਦੀ ਹੈ ਅਤੇ ਇਲਾਕੇ ‘ਚ ਹੋਣ ਵਾਲੀਆਂ ਅਪਰਾਧਿਕ ਗਤੀਵਿਧੀਆਂ ‘ਤੇ ਠੱਲ੍ਹ ਪਾਉਣ ‘ਚ ਵੀ ਸਹਾਇਤਾ ਮਿਲੇਗੀ।

ਐੱਸ.ਐੱਸ.ਪੀ. ਨੇ ਮਕਾਨ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਰਾਏਦਾਰ ਨੂੰ ਕਮਰਾ ਜਾਂ ਮਕਾਨ ਦੇਣ ਤੋਂ ਪਹਿਲਾਂ ਉਸ ਦਾ ਨਾਂ, ਪੱਕਾ ਪਤਾ, ਪਛਾਣ ਪੱਤਰ, ਮੋਬਾਈਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਸਹੀ ਤਰੀਕੇ ਨਾਲ ਦਰਜ ਕੀਤੀ ਜਾਵੇ। ਇਸ ਤੋਂ ਬਾਅਦ ਤੈਅ ਪ੍ਰਕਿਰਿਆ ਅਨੁਸਾਰ ਪੁਲਿਸ ਵੈਰੀਫ਼ਿਕੇਸ਼ਨ ਯਕੀਨੀ ਬਣਾਈ ਜਾਵੇ। ਪੀ.ਜੀ. ਸੰਚਾਲਕਾਂ ਨੂੰ ਵੀ ਉੱਥੇ ਰਹਿਣ ਵਾਲੇ ਹਰ ਵਿਅਕਤੀ ਦਾ ਢੁਕਵਾਂ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਕਈ ਵਾਰ ਅਪਰਾਧੀ ਆਪਣੀ ਅਸਲ ਪਛਾਣ ਛੁਪਾ ਕੇ ਕਿਰਾਏ ਦੇ ਮਕਾਨਾਂ ਜਾਂ ਪੀ.ਜੀ. ਵਿੱਚ ਰਹਿਣ ਲੱਗ ਜਾਂਦੇ ਹਨ। ਅਜਿਹੇ ਮਾਮਲਿਆਂ ‘ਚ ਜੇਕਰ ਕਿਰਾਏਦਾਰ ਦਾ ਰਿਕਾਰਡ ਪਹਿਲਾਂ ਤੋਂ ਪੁਲਿਸ ਕੋਲ ਮੌਜੂਦ ਹੋਵੇ ਤਾਂ ਜਾਂਚ ਦੌਰਾਨ ਸ਼ੱਕੀ ਵਿਅਕਤੀ ਤੱਕ ਪਹੁੰਚਣਾ ਆਸਾਨ ਹੋ ਜਾਂਦਾ ਹੈ। ਇਸੇ ਕਰਕੇ ਕਿਰਾਏਦਾਰ ਦੀ ਵੈਰੀਫ਼ਿਕੇਸ਼ਨ ਨੂੰ ਗੰਭੀਰਤਾ ਨਾਲ ਲੈਣਾ ਬੇਹੱਦ ਜ਼ਰੂਰੀ ਹੈ।

ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਜੋ ਮਕਾਨ ਮਾਲਕ ਜਾਂ ਪੀ.ਜੀ. ਸੰਚਾਲਕ ਤੈਅ ਪ੍ਰਕਿਰਿਆ ਤਹਿਤ ਵੈਰੀਫ਼ਿਕੇਸ਼ਨ ਨਹੀਂ ਕਰਵਾਉਣਗੇ, ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦੇ ਨਿਰਦੇਸ਼ਾਂ ਨੂੰ ਬੋਝ ਨਾ ਸਮਝਣ, ਬਲਕਿ ਇਸ ਨੂੰ ਆਪਣੇ ਪਰਿਵਾਰ, ਗੁਆਂਢ ਅਤੇ ਪੂਰੇ ਸਮਾਜ ਦੀ ਸੁਰੱਖਿਆ ਨਾਲ ਜੋੜ ਕੇ ਦੇਖਣ।

ਐੱਸ.ਐੱਸ.ਪੀ. ਨੇ ਕਿਹਾ ਕਿ ਕਿਰਾਏਦਾਰ ਦੀ ਵੈਰੀਫ਼ਿਕੇਸ਼ਨ ਸਿਰਫ਼ ਇੱਕ ਜ਼ਰੂਰੀ ਫ਼ਰਜ਼ ਨਹੀਂ, ਬਲਕਿ ਇੱਕ ਸੁਰੱਖਿਅਤ ਸਮਾਜ ਸਿਰਜਣ ‘ਚ ਤੁਹਾਡਾ ਅਹਿਮ ਯੋਗਦਾਨ ਵੀ ਹੈ। ਮੋਹਾਲੀ ਪੁਲਿਸ ਅਨੁਸਾਰ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਆਮ ਨਾਗਰਿਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਅਪਰਾਧਿਕ ਘਟਨਾ ਦੀ ਜਾਂਚ ‘ਚ ਪੁਲਿਸ ਨੂੰ ਮਦਦ ਮਿਲ ਸਕੇ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds