BREAKING

IndiaPunjab

ਤਰਨਤਾਰਨ ‘ਚ ਵਾਲੀਬਾਲ ਖਿਡਾਰੀ ਦੀ ਤੇਜ਼ਧਾਰ ਹਥਿਆਰ ਨਾਲ ਕੀਤੀ ਹੱਤਿਆ

ਮੋਹਾਲੀ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਟਾ ਵਿੱਚ ਇੱਕ ਉਭਰਦੇ ਵਾਲੀਬਾਲ ਖਿਡਾਰੀ ਦੇ ਕਤਲ ਨੇ ਇਲਾਕੇ ਵਿੱਚ ਸਨਸਨੀ ਪੈਦਾ ਕਰ ਦਿੱਤੀ ਹੈ। 11ਵੀਂ ਜਮਾਤ ਦੇ ਵਿਦਿਆਰਥੀ 16 ਸਾਲਾ ਵਿਵੇਕਬੀਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਇਹ ਹਮਲਾ ਉਸ ਸਮੇਂ ਹੋਇਆ ਜਦ ਉਹ ਕਿਸੇ ਕੰਮ ਲਈ ਸਰਹਾਲੀ ਦੀ ਅਨਾਜ ਮੰਡੀ ਗਿਆ ਸੀ। ਮੁੱਢਲੀ ਜਾਂਚ ਅਨੁਸਾਰ, ਵਿਵੇਕਬੀਰ ਦਾ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਨੌਜਵਾਨ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ। ਇਸ ਦੁਸ਼ਮਣੀ ਕਾਰਨ, ਹਮਲਾਵਰਾਂ ਨੇ ਮੰਗਲਵਾਰ ਨੂੰ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਵਿਵੇਕਬੀਰ ਇੱਕ ਹੋਣਹਾਰ ਵਾਲੀਬਾਲ ਖਿਡਾਰੀ ਸੀ ਅਤੇ ਉਸਨੇ ਸਥਾਨਕ ਪੱਧਰ ‘ਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਘਟਨਾ ਦੇ ਸਮੇਂ ਉਹ ਇਕੱਲਾ ਸੀ, ਅਤੇ ਹਮਲਾਵਰਾਂ ਨੇ ਇਸਦਾ ਫਾਇਦਾ ਉਠਾਇਆ। ਉਸਦੇ ਚਚੇਰੇ ਭਰਾਵਾਂ ਅਤੇ ਪਿੰਡ ਵਾਸੀਆਂ ਨੇ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਲਵਕੇਸ਼ ਅਤੇ ਸਰਹਾਲੀ ਥਾਣਾ ਇੰਚਾਰਜ ਬਰਜਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਘਿਣਾਉਣੀ ਘਟਨਾ ਤੋਂ ਬਾਅਦ ਠੱਟਾ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds