ਵਾਰ-ਵਾਰ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਲਾਇਸੈਂਸ ਹੋਣਗੇ ਰੱਦ!
ਦਿੱਲੀ ਦੀਆਂ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਹੁਣ ਟ੍ਰੈਫਿਕ ਪੁਲਿਸ ਨੇ ਸਖ਼ਤ ਰੁੱਖ ਅਪਣਾ ਲਿਆ ਹੈ। ਰਾਜਧਾਨੀ ਵਿੱਚ ਅਜਿਹੇ ਵਾਹਨ ਚਾਲਕਾਂ ‘ਤੇ ਕਾਰਵਾਈ ਸ਼ੁਰੂ ਹੋ ਗਈ ਹੈ, ਜੋ ਵਾਰ-ਵਾਰ ਚਲਾਨ ਕੱਟਣ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਹੇ।
ਦਰਅਸਲ, ਦਿੱਲੀ ਟ੍ਰੈਫਿਕ ਪੁਲਿਸ ਦੇ ਸਾਹਮਣੇ ਅਜਿਹੇ ਕਈ ਮਾਮਲੇ ਆਏ ਹਨ, ਜਿੱਥੇ ਇੱਕ ਹੀ ਵਾਹਨ ਦੇ ਸੈਂਕੜੇ ਚਲਾਨ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਚਾਲਕ ਲਗਾਤਾਰ ਵਾਹਨ ਸੜਕਾਂ ‘ਤੇ ਦੌੜਾਉਂਦੇ ਰਹੇ। ਇਸੇ ਤਰ੍ਹਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਪੁਲਿਸ ਨੇ ਸਿਰਫ਼ ਚਲਾਨ ਕੱਟਣ ਤੱਕ ਸੀਮਤ ਰਹਿਣ ਦੀ ਬਜਾਏ ਡਰਾਈਵਿੰਗ ਲਾਇਸੈਂਸ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਇੱਕ ਵਾਹਨ ਦੇ 800 ਤੋਂ ਵੱਧ ਚਲਾਨ ਹੋਣ ਦੇ ਬਾਵਜੂਦ ਉਹ ਲਗਾਤਾਰ ਰਾਜਧਾਨੀ ਦੀਆਂ ਸੜਕਾਂ ‘ਤੇ ਚੱਲ ਰਿਹਾ ਸੀ। ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਸੰਬੰਧਿਤ ਵਾਹਨ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਨੂੰ ਮੁਅੱਤਲ (ਸਸਪੈਂਡ) ਕਰਵਾਉਣ ਜਾਂ ਰੱਦ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਪੱਛਮੀ ਜ਼ਿਲ੍ਹਾ ਪੁਲਿਸ ਨੇ ਅਜਿਹੇ ਚਾਰ ਚਾਲਕਾਂ ਦੇ ਡਰਾਈਵਿੰਗ ਲਾਇਸੈਂਸ ਛੇ-ਛੇ ਮਹੀਨਿਆਂ ਲਈ ਮੁਅੱਤਲ ਕਰਵਾਏ ਹਨ। ਇਨ੍ਹਾਂ ਵਿੱਚੋਂ ਦੋ ਲਾਇਸੈਂਸ ਸੋਮਵਾਰ ਨੂੰ ਛੇ ਮਹੀਨਿਆਂ ਲਈ ਸਸਪੈਂਡ ਕੀਤੇ ਗਏ।
ਪੱਛਮੀ ਰੇਂਜ ਦੇ ਪੁਲਿਸ ਡਿਪਟੀ ਕਮਿਸ਼ਨਰ ਰਣਵੀਰ ਸਿੰਘ ਮੁਤਾਬਕ, ਇਸ ਕਾਰਵਾਈ ਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਖ਼ਤਰਨਾਕ ਅਤੇ ਗ਼ੈਰ-ਜ਼ਿੰਮੇਵਾਰਾਨਾ ਡਰਾਈਵਿੰਗ ‘ਤੇ ਰੋਕ ਲਗਾਉਣਾ ਅਤੇ ਵਾਰ-ਵਾਰ ਟ੍ਰੈਫਿਕ ਨਿਯਮ ਤੋੜਨ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤੀ ਕਰਨਾ ਹੈ। ਫਿਲਹਾਲ ਇਹ ਕਾਰਵਾਈ ਤਿਲਕ ਨਗਰ, ਰਾਜੌਰੀ ਗਾਰਡਨ ਅਤੇ ਪੰਜਾਬੀ ਬਾਗ ਟ੍ਰੈਫਿਕ ਸਰਕਲ ਵਿੱਚ ਲਾਗੂ ਕੀਤੀ ਗਈ ਹੈ।
ਕਿਹੜੀਆਂ ਉਲੰਘਣਾਵਾਂ ‘ਤੇ ਹੋ ਰਹੀ ਹੈ ਸਖ਼ਤੀ?
ਪੁਲਿਸ ਦੀ ਇਸ ਕਾਰਵਾਈ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣਾ (Drunken Driving), ਖ਼ਤਰਨਾਕ ਤਰੀਕੇ ਨਾਲ ਵਾਹਨ ਚਲਾਉਣਾ, ਰੈੱਡ ਲਾਈਟ ਜੰਪ ਕਰਨਾ, ਬਿਨਾਂ ਹੈਲਮੇਟ ਵਾਹਨ ਚਲਾਉਣਾ, ਟ੍ਰਿਪਲ ਰਾਈਡਿੰਗ ਅਤੇ ਗ਼ਲਤ ਦਿਸ਼ਾ (Wrong Side) ਵਿੱਚ ਵਾਹਨ ਚਲਾਉਣਾ ਵਰਗੀਆਂ ਉਲੰਘਣਾਵਾਂ ਸ਼ਾਮਲ ਹਨ। ਅਰਥਾਤ, ਜੇਕਰ ਕੋਈ ਵਿਅਕਤੀ ਵਾਰ-ਵਾਰ ਨਿਯਮ ਤੋੜਦਾ ਹੈ, ਤਾਂ ਹੁਣ ਸਿਰਫ਼ ਜੁਰਮਾਨਾ ਭਰ ਕੇ ਮਾਮਲਾ ਖ਼ਤਮ ਨਹੀਂ ਹੋਵੇਗਾ, ਬਲਕਿ ਲਾਇਸੈਂਸ ‘ਤੇ ਵੀ ਗਾਜ਼ ਡਿੱਗੇਗੀ।
ਕਾਰਵਾਈ ਲਈ ਪੁਲਿਸ ਅਪਣਾ ਰਹੀ ਹੈ 2 ਤਰੀਕੇ:
ਇਸ ਤਹਿਤ ਚਾਲਕਾਂ ਖ਼ਿਲਾਫ਼ ਅਦਾਲਤ ‘ਚ ਚਲਾਨ ਦਾਖ਼ਲ ਕੀਤਾ ਜਾ ਰਿਹਾ ਹੈ। ਪੱਛਮੀ ਜ਼ਿਲ੍ਹਾ ਪੁਲਿਸ ਨੇ ਅਜਿਹੇ 79 ਡਰਾਈਵਰਾਂ ਖ਼ਿਲਾਫ਼ ਰੋਹਿਣੀ ਕੋਰਟ ਨੂੰ ਲਿਖਿਆ ਹੈ, ਜਿਨ੍ਹਾਂ ‘ਚੋਂ 4 ਦੇ ਲਾਇਸੈਂਸ 6-6 ਮਹੀਨੇ ਲਈ ਸਸਪੈਂਡ ਹੋ ਚੁੱਕੇ ਹਨ। ਇਹ ਲਾਇਸੈਂਸ ਟਰਾਂਸਪੋਰਟ ਅਥਾਰਟੀ ‘ਚ ਜਮ੍ਹਾਂ ਹੋਣਗੇ।
ਇਸ ਤਹਿਤ ਪੁਲਿਸ ਕੇਸ ਲਾਇਸੈਂਸਿੰਗ ਅਥਾਰਟੀ (DTO) ਨੂੰ ਭੇਜ ਰਹੀ ਹੈ। ਹੁਣ ਤੱਕ 19 ਡਰਾਈਵਰਾਂ ਦੇ ਕੇਸ ਭੇਜੇ ਜਾ ਚੁੱਕੇ ਹਨ। DTO ਦਾ DL ਸਸਪੈਂਸ਼ਨ ਸੈੱਲ ਇਸ ‘ਤੇ ਕਾਰਵਾਈ ਕਰੇਗਾ। ਹਾਲਾਂਕਿ, ਕਾਰਵਾਈ ਤੋਂ ਪਹਿਲਾਂ ਲਾਇਸੈਂਸ ਧਾਰਕਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ।
ਇਸੇ ਪ੍ਰਕਿਰਿਆ ਤਹਿਤ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਦੋ ਵਿਅਕਤੀਆਂ ਦੇ ਲਾਇਸੈਂਸ 3 ਮਹੀਨਿਆਂ ਲਈ ਸਸਪੈਂਡ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਦਿੱਲੀ ਟ੍ਰੈਫਿਕ ਪੁਲਿਸ ਦਾ ਮਕਸਦ ਸਾਫ਼ ਹੈ—ਵਾਰ-ਵਾਰ ਜੁਰਮਾਨਾ ਭਰ ਕੇ ਮੁੜ ਨਿਯਮ ਤੋੜਨ ਵਾਲਿਆਂ ਦੀ ਆਦਤ ‘ਤੇ ਠੱਲ੍ਹ ਪਾਉਣਾ। ਜੇਕਰ ਵਾਹਨ ਚਾਲਕ ਦਾ ਲਾਇਸੈਂਸ ਦਿੱਲੀ ਤੋਂ ਬਾਹਰ ਕਿਸੇ ਹੋਰ ਰਾਜ ਜਾਂ ਅਥਾਰਟੀ ਤੋਂ ਬਣਿਆ ਹੈ, ਤਾਂ ਵੀ ਉਸ ਸੰਬੰਧਿਤ ਅਥਾਰਟੀ ਨੂੰ ਲਿਖਤੀ ਸੂਚਨਾ ਭੇਜੀ ਜਾ ਰਹੀ ਹੈ। ਅਜਿਹੇ ‘ਚ ਲਗਾਤਾਰ ਲਾਪਰਵਾਹੀ ਵਰਤਣ ਵਾਲੇ ਡਰਾਈਵਰਾਂ ਲਈ ਆਉਣ ਵਾਲੇ ਦਿਨਾਂ ‘ਚ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।










