
ਚੰਡੀਗੜ੍ਹ : ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿੱਚ ਗਰਮੀ ਤੇਜ਼ੀ ਨਾਲ ਵੱਧ ਰਹੀ ਹੈ। ਸ਼ਨੀਚਰਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੀ ਲਹਿਰ ਤੇਜ਼ੀ ਨਾਲ ਆਪਣਾ ਅਸਰ ਦਿਖਾਵੇਗੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਮੌਸਮ ਵਿਭਾਗ ਨੇ 9 ਤੋਂ 11 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿੱਚ ਗਰਮੀ ਦੀ ਲਹਿਰ (ਹੀਟਵੇਵ) ਦੀ ਚੇਤਾਵਨੀ ਜਾਰੀ ਕੀਤੀ ਹੈ।
ਬਠਿੰਡਾ ‘ਚ 44.8 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮੀ ਰਹੀ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਤੱਕ ਮਾਪਿਆ ਗਿਆ। ਹੁਣ ਪੰਜਾਬ ਵਿੱਚ ਆਉਣ ਵਾਲੇ ਦਿਨਾਂ ‘ਚ ਪਾਰਾ 41 ਤੋਂ 43 ਡਿਗਰੀ ਦੇ ਵਿਚਕਾਰ ਰਹਿਣ ਦੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ। ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਗਰਮੀ ਰਹੀ ਹੈ। ਸ਼੍ਰੀ ਗੰਗਾਨਗਰ ਵਿੱਚ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਉੱਪਰ ਰਿਹਾ। ਗਰਮੀ ਦੀ ਲਹਿਰ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹਿਮਾਚਲ ‘ਚ ਵੀ ਮੌਸਮ ਗਰਮ ਰਿਹਾ। ਮੌਸਮ ਵਿਭਾਗ ਨੇ ਇਸ ਤਪਦੀ ਹੋਈ ਗਰਮੀ ਤੋਂ ਲੋਕਾਂ ਨੂੰ ਬਿਨਾ ਕਿਸੇ ਕੰਮ ਦੇ ਘਰੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ। ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਸਿਰ ਢੱਕ ਕੇ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।