
ਚੰਡੀਗੜ੍ਹ : ਮਹਾਰਾਸ਼ਟਰ ਵਿੱਚ 11 ਅਕਤੂਬਰ,2024 ਨੂੰ ਐਨਸੀਪੀ ਅਜੀਤ ਪਵਾਰ ਧੜੇ ਦੇ ਆਗੂ ਬਾਬਾ ਸਿੱਦੀਕੀ ਕਤਲ ਕੀਤਾ ਗਿਆ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਰਾਜਨੀਤੀ ਤੇ ਬਾਲੀਵੁੱਡ ਵਿੱਚ ਸੌਗ ਦੀ ਲਹਿਰ ਜਾਗ ਉੱਠੀ ਸੀ। ਬਾਬਾ ਸਿੱਦੀਕੀ ਹੱਤਿਆ ਕਾਂਡ ਦੇ ਮਾਸਟਰਮਾਈਂਡ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਂਡ ਦੇ ਮਾਸਟਰਮਾਈਂਡ ਦਾ ਨਾਮ ਜ਼ੀਸ਼ਾਨ ਅਖ਼ਤਰ ਉਰਫ਼ ਜੱਸੀ ਪੁਰੇਵਾਲ ਹੈ, ਜਿਸ ਨੂੰ ਸਰੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫ਼ਤਾਰੀ ਭਾਰਤੀ ਜਾਂਚ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਕੈਨੇਡੀਅਨ ਪੁਲਿਸ ਨੇ ਇਹ ਕਾਰਵਾਈ ਸੁਤੰਤਰ ਤੌਰ ‘ਤੇ ਕੀਤੀ ਹੈ। ਜ਼ੀਸ਼ਾਨ ‘ਤੇ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚਣ ਅਤੇ ਘਟਨਾ ਪਿੱਛੇ ਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਭਾਰਤੀ ਏਜੰਸੀਆਂ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀਆਂ ਸਨ। ਇਸ ਬਾਬਤ ਉਸ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਜ਼ੀਸ਼ਾਨ ਇਸ ਸਮੇਂ ਕੈਨੇਡੀਅਨ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ ਇਸ ਗ੍ਰਿਫ਼ਤਾਰੀ ਨੂੰ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਇਸ ਪੁੱਛਗਿੱਛ ਵਿੱਚ ਹੀ ਜ਼ੀਸ਼ਾਨ ਅਖਤਰ ਦਾ ਨਾਮ ਸਾਹਮਣੇ ਆਇਆ। ਜਦੋਂ ਬਾਬਾ ਸਿੱਦੀਕੀ ਨੂੰ ਸ਼ੂਟਰਾਂ ਨੇ ਗੋਲੀਆਂ ਮਾਰੀਆਂ ਸੀ ਤਾਂ ਉਹ ਮੌਕੇ ‘ਤੇ ਮੌਜੂਦ ਸੀ। ਜ਼ੀਸ਼ਾਨ ਅਖਤਰ ਉਰਫ਼ ਜੱਸੀ ਪੁਰੇਵਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਰਹਿਣ ਵਾਲਾ ਹੈ।