ਮੁਹਾਲੀ- ਹੁਣ ਸੂਬੇ ਭਰ ਵਿੱਚ ਪੰਜਾਬ ਸਰਕਾਰ ਨੇ ਟ੍ਰੈਫਿਕ ਸਰਵੇਖਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨI ਇਸ ਦੀ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਦਿੱਤੀ ਹੈI ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਸੂਬੇ ਦੀਆਂ ਸੜਕਾਂ ਉਤੇ 30 ਸਤੰਬਰ 2025 ਤੱਕ ਟ੍ਰੈਫਿਕ ਸਰਵੇਖਣ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਕਿ ਸੜਕਾਂ ਦੇ ਵਿਕਾਸ ਅਤੇ ਨਵੀਂ ਉਸਾਰੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗਾ। ਟ੍ਰੈਫਿਕ ਸਰਵੇਖਣ ਨਾਲ ਸਬੰਧਤ ਡਾਟਾ ਰਾਹੀਂ ਸੜਕਾਂ ਦੇ ਨਿਰਮਾਣ, ਸੜਕਾਂ ਨੂੰ ਚੌੜਾ ਕਰਨ ਅਤੇ ਲੋੜੀਂਦੇ ਸੁਧਾਰ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ, ਜਿਸ ਨਾਲ ਦੁਰਘਟਨਾਵਾਂ ਵਿੱਚ ਹੁੰਦੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਵੇਗਾ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੂਬੇ ਦੀਆਂ ਸੜਕ ਅਤੇ ਪੁਲਾਂ ਨੂੰ ਬਿਹਤਰੀਨ ਬਣਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਮੀਟਿੰਗ ਕੀਤੀ, ਜਿਸ ਵਿੱਚ ਰੋਡ ਸਰਵੇਖਣ ਬਾਰੇ ਵੀ ਫੈਸਲਾ ਕੀਤਾ ਗਿਆI ਮੀਟਿੰਗ ਵਿੱਚ ਵੱਖ-ਵੱਖ ਸਕੀਮਾਂ ਅਧੀਨ ਅਤੇ ਵਿਸ਼ੇਸ ਤੌਰ ‘ਤੇ ਲਿੰਕ ਸੜਕਾਂ ਬਾਬਤ ਤਜਵੀਜ਼ ਕੀਤੇ ਅਤੇ ਚਲਦੇ ਕੰਮਾਂ ਦਾ ਜਾਇਜ਼ਾ ਵੀ ਲਿਆ।
ਇਸ ਦੌਰਾਨ ਮੁੱਖ ਇੰਜੀਨੀਅਰ ਲੋਕ ਨਿਰਮਾਣ ਵੱਲੋਂ ਦੱਸਿਆ ਗਿਆ ਕਿ ਪੀ.ਐਮ.ਜੀ.ਐਸ.ਵਾਈ. ਸਕੀਮ ਅਧੀਨ ਫੁੱਲ ਡੇਪਥ ਰੇਕਲੇਮੇਸ਼ਨ(FDR) ਰਾਹੀਂ 581 ਕਿ.ਮੀ. ਲਿੰਕ ਸੜਕਾਂ ਦੀ ਉਸਾਰੀ ਦੇ ਟੈਂਡਰ ਮੰਗੇ ਜਾ ਰਹੇ ਹਨ। ਨਾਬਾਰਡ ਸਕੀਮ ਅਧੀਨ 281 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ ਪੇਂਡੂ ਸੜਕਾਂ ਦੀ ਮਜ਼ਬੂਤੀਕਰਨ ਅਤੇ ਨਵੀਂਆਂ ਬਣਾਉਣ ਦੇ ਕੰਮ ਵੀ ਹੱਥ ਵਿੱਚ ਲਏ ਜਾ ਰਹੇ ਹਨ।









