
ਮੁਹਾਲੀ : ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਹ ਮਾਮਲਾ ਦੋਵਾਂ ਕਲਾਕਾਰਾਂ ਦੇ ਗੀਤਾਂ ਵਿੱਚ ਬੋਲੀ ਗਈ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਬਾਰੇ ਹੈ। ਪੰਜਾਬ ਮਹਿਲਾ ਕਮਿਸ਼ਨ ਵੱਲੋਂ ਦੋਵਾਂ ਗਾਇਕਾਂ ਨੂੰ ਤਲਬ ਕਰਨ ਤੋਂ ਬਾਅਦ, ਹੁਣ ਦੋਵਾਂ ਨੇ ਪੰਜਾਬ ਮਹਿਲਾ ਕਮਿਸ਼ਨ ਤੋਂ ਮੁਆਫ਼ੀ ਮੰਗ ਲਈ ਹੈ। ਦੱਸ ਦੇਈਏ ਕਿ ਇਹ ਸਾਰਾ ਵਿਵਾਦ ਕਰਨ ਔਜਲਾ ਦੇ ਗੀਤ ‘ਐਮ.ਐਫ ਗੱਭਰੂ’ ਨਾਲ ਸ਼ੁਰੂ ਹੋਇਆ ਸੀ। ‘ਐਮ.ਐਫ ਗੱਭਰੂ’ ਗੀਤ ਦੇ ਬੋਲਾਂ ਵਿੱਚ ਕਥਿਤ ਤੌਰ ‘ਤੇ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਗੀਤ ‘ਤੇ ਪੰਜਾਬ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਹਨੀ ਸਿੰਘ ਦੇ ਗੀਤ ‘ਮਿਲੀਅਨੇਅਰ’ ‘ਤੇ ਵੀ ਵਿਵਾਦ ਹੋਈਆ। ਉਹਨਾਂ ‘ਤੇ ਇਹ ਦੋਸ਼ ਹੈ ਕਿ ਇਸ ਗੀਤ ਵਿੱਚ ਵੀ ਔਰਤਾਂ ਵਿਰੁੱਧ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
ਪੰਜਾਬ ਮਹਿਲਾ ਕਮਿਸ਼ਨ ਨੇ ਦੋਵਾਂ ਕਲਾਕਾਰਾਂ ਨੂੰ 11 ਅਗਸਤ ਨੂੰ ਪੰਜਾਬ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਜਿਸ ਤੋਂ ਬਾਅਦ ਦੋਵੇਂ ਕਲਾਕਾਰਾਂ ਦੇ ਵਿਦੇਸ਼ ਵਿੱਚ ਹੋਣ ਕਰਕੇ ਦੋਵੇਂ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋ ਸਕੇ। ਪਰ ਇਸ ਦੇ ਬਾਵਜੂਦ, ਦੋਵਾਂ ਕਲਾਕਾਰਾਂ ਨੇ ਪੰਜਾਬ ਮਹਿਲਾ ਕਮਿਸ਼ਨ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਦੋਵਾਂ ਵੱਲੋਂ ਮੁਆਫੀ ਵੀ ਮੰਗੀ ਗਈ। ਉਨ੍ਹਾਂ ਨੇ ਇਹ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਵਿਵਾਦਪੂਰਨ ਸਮੱਗਰੀ ਤੋਂ ਬਚਿਆ ਜਾਵੇਗਾ ਅਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦੋਵਾਂ ਕਲਾਕਾਰਾਂ ਵੱਲੋਂ ਗਲਤੀ ਮੰਨ ਲਈ ਗਈ ਹੈ ਅਤੇ ਨਾਲ ਹੀ ਦੋਵਾਂ ਨੇ ਮੁਆਫੀ ਵੀ ਮੰਗ ਲਈ ਹੈ। ਪੰਜਾਬ ਮਹਿਲਾ ਕਮਿਸ਼ਨ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਮਨੋਰੰਜਨ ਦੇ ਨਾਮ ‘ਤੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਵੀ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Day To Day News India ਦਾ ਉਦੇਸ਼ ਹੈ ਕਿ ਅਸੀਂ ਅਜਿਹੇ ਕਿਸੇ ਵੀ ਕਲਾਕਾਰ ਦੇ ਗਾਣੇ ਨਾ ਤਾਂ ਆਪਣੇ ਚੈਨਲ ‘ਤੇ ਚਲਾਉਂਦੇ ਹਾਂ ਅਤੇ ਨਾ ਹੀ ਚਲਾਵਾਂਗੇ। ਨਾ ਹੀ ਅਜਿਹੇ ਗਾਣਿਆਂ ਨੂੰ ਅਸੀਂ ਪ੍ਰੋਮੋਟ ਕਰਦੇ ਹਾਂ ਅਤੇ ਜੋ ਚੈਨਲ ਕਾਲੀ ਕਮਾਈ ਕਰਨ ਪਿੱਛੇ, ਇਹਨਾਂ ਨੂੰ ਪ੍ਰੋਮੋਟ ਕਰਦੇ ਹਨ, ਉਹਨਾਂ ਦਾ ਪਦਰਾਫਾਸ਼ ਕਰਾਂਗੇ ਤਾਂ ਜੋ ਆਉਣ ਵਾਲੀ ਪੀੜੀ ਇਹਨਾਂ ਦੇ ਚੰਗੁਲ ਤੋਂ ਬਚ ਸਕੇ।