ਮੋਹਾਲੀ : ਮਹਾਰਾਸ਼ਟਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ 15 ਜੂਨ ਨੂੰ ਇੱਕ ਨਦੀ ਉੱਤੇ ਬਣਿਆ ਪੁਲ ਢਹਿ-ਢੇਰੀ ਹੋ ਗਿਆ। ਕਈ ਸੈਲਾਨੀਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀ ਸਥਾਨ ਕੁੰਡਮਾਲਾ ਵਿੱਚ ਨਾਰਾਇਣੀ ਨਦੀ ਉੱਤੇ ਬਣੇ ਪੁਲ ‘ਤੇ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਅਚਾਨਕ ਇਹ ਪੁਲ ਟੁੱਟ ਗਿਆ। ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ 18 ਐਂਬੂਲੈਂਸ ਮੌਕੇ ‘ਤੇ ਪਹੁੰਚੀਆਂ। SDRF-NDRF ਟੀਮਾਂ ਮੌਕੇ ‘ਤੇ ਪਹੁੰਚੀਆਂ, ਬਚਾਅ ਕਾਰਜ ਜਾਰੀ ਕਰ ਦਿੱਤਾ ਗਿਆ ਹੈ। ਇਹ ਘਟਨਾ ਦੁਪਹਿਰ 3:30 ਵਜੇ ਦੇ ਕਰੀਬ ਵਾਪਰੀ। ਦੇਹੂ ਦੇ ਤੀਰਥ ਸਥਾਨ ਦੇ ਰਸਤੇ ‘ਚ ਆਉਂਦਾ ਪੁਲ ਸੜਕ ਨਾਲ ਜੁੜਿਆ ਹੋਇਆ ਹੈ, ਇਹ ਸ਼ਰਧਾਲੂਆਂ ਅਤੇ ਸੈਲਾਨੀਆਂ ਦੋਵਾਂ ਲਈ ਇੱਕ ਪ੍ਰਸਿੱਧ ਸਥਾਨ ਹੈ। ਕਿਹਾ ਜਾ ਰਿਹਾ ਹੈ ਭੀੜ ਜ਼ਿਆਦਾ ਹੋਣ ਕਾਰਨ ਇਹ ਪੁਲ ਢਹਿ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲ ਅਚਾਨਕ ਹੀ ਢਹਿ ਗਿਆ, ਇਸ ਦੌਰਾਨ ਬਚਣ ਦਾ ਮੌਕਾ ਤੱਕ ਨਹੀਂ ਮਿਲਿਆ। ਕਾਫੀ ਲੋਕ ਨਦੀਂ ‘ਚ ਡਿੱਗ ਗਏ। ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਪੁਲ ਦੀ ਹਾਲਤ ਕਾਫ਼ੀ ਖਰਾਬ ਸੀ।