
ਮੁਹਾਲੀ – ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਰਿਐਕਟਰ ਫਟਣ ਦੀ ਖਬਰ ਸਾਹਮਣੇ ਆ ਰਹੀ ਹੈ। ਫੈਕਟਰੀ ‘ਚ ਧਮਾਕਾ ਹੋਣ ਕਾਰਨ ਲਗਭਗ 10 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਦੇ ਨਾਲ ਹੀ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ। ਧਮਾਕਾ ਇੰਨਾ ਵੱਡਾ ਸੀ ਕਿ ਕਈ ਲੋਕ ਹਾਲੇ ਵੀ ਫੈਕਟਰੀ ਅੰਦਰ ਫਸੇ ਹੋਏ ਹਨ। ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ ਫੈਕਟਰੀ ਅੰਦਰ 50 ਤੋਂ ਵੱਧ ਲੋਕ ਮੌਜੂਦ ਸਨ। ਜ਼ਿਲ੍ਹਾ ਪੁਲਿਸ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਲਬੇ ਦੇ ਹੇਠੋਂ ਕਈ ਲਾਸ਼ਾਂ ਕੱਢੀਆਂ ਗਈਆਂ ਹਨ, ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 34 ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਮਲਬੇ ਵਿੱਚੋਂ 31 ਲਾਸ਼ਾਂ ਕੱਢੀਆਂ ਗਈਆਂ ਹਨ।

ਸਿਹਤ ਮੰਤਰੀ ਦਾਮੋਦਰ ਰਾਜਾ ਨਰਸਿਮਹਾ ਨੇ ਇਸ ਬਾਬਤ ਕਿਹਾ ਕਿ, “ਬਚਾਅ ਕਾਰਜ ਹਾਲੇ ਵੀ ਜਾਰੀ ਹੈ।” ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਧਮਾਕੇ ਸਮੇਂ ਪਲਾਂਟ ਵਿੱਚ ਲਗਭਗ 90 ਲੋਕ ਕੰਮ ਕਰ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ ਪ੍ਰਤੀ ਵਿਅਕਤੀ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।