
ਮੋਹਾਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਨੇਡਾ ਦੇ ਜੀ-5 ਸੰਮੇਲਨ ਤੋਂ ਬਾਅਦ ਕਰੋਸ਼ੀਆ ਲਈ ਰਵਾਨਾ ਹੋ ਗਏ ਹਨ। ਨਰਿੰਦਰ ਮੋਦੀ ਦੀ ਦੋ ਦੇਸ਼ਾਂ ਦੀ ਯਾਤਰਾ ਸਮਾਪਤ ਹੋ ਚੁੱਕੀ ਹੈ, ਹੁਣ ਪ੍ਰਧਾਨ ਮੰਤਰੀ ਤੀਜੇ ਦੇਸ਼ ਕਰੋਸ਼ੀਆ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਟਵੀਟ ਕਰਕੇ ਲਿਖਿਆ ਕਿ ‘ਇੱਕ ਲਾਭਕਾਰੀ ਕਨੇਡਾ ਦੌਰੇ ਦੀ ਸਮਾਪਤੀ ਹੋਈ। ਇੱਕ ਸਫਲ ਜੀ-5 ਸੰਮੇਲਨ ਦੀ ਮੇਜ਼ਬਾਨੀ ਲਈ ਕਨੇਡੀਅਨ ਲੋਕਾਂ ਅਤੇ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਸ ਵਿੱਚ ਵਿਭਿੰਨ ਵਿਸ਼ਵ ਮੁੱਦਿਆਂ ‘ਤੇ ਫਲਦਾਇਕ ਵਿਚਾਰ-ਵਟਾਂਦਰੇ ਹੋਏ। ਅਸੀਂ ਵਿਸ਼ਵ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ।‘
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਨੇਡਾ ਦਾ ਆਪਣਾ ਸਫਲ ਦੌਰਾ ਸਮਾਪਤ ਕਰ ਲਿਆ ਹੈ। ਉਹਨਾਂ ਵੱਲੋਂ ਜੀ-5 ਸੰਮੇਲਨ ਦੌਰਾਨ ਵਿਸ਼ਵ ਸੰਦਰਭ ਵਿੱਚ ਊਰਜਾ ਸੁਰੱਖਿਆ, ਤਕਨਾਲੋਜੀ ਅਤੇ ਨਵੀਨਤਾ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਉਤਪਾਦਕ ਚਰਚਾ ਕੀਤੀ ਗਈ। ਨਰਿੰਦਰ ਮੋਦੀ ਨੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਆਪਣੀ ਗੱਲਬਾਤ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਕਨੇਡਾ ਵਿਚਕਾਰ ਸਬੰਧ “ਬਹੁਤ ਮਹੱਤਵਪੂਰਨ” ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਨੂੰ ਵੱਖ-ਵੱਖ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਸ਼ਾਮ ਨੂੰ ਸਾਈਪ੍ਰਸ ਤੋਂ ਕਨੇਡਾ ਦੇ ਕੈਲਗਰੀ ਪਹੁੰਚੇ ਸਨ।